Patiala Help Club Logo

ਅੰਮ੍ਰਿਤਸਰ ਪੁਲਿਸ ਨੇ VDC ਦੀ ਮਦਦ ਨਾਲ ਫੜੀ 43 ਕਿਲੋ ਹੈਰੋਇਨ ਤੇ ਗ੍ਰਨੇਡ; 2 ਤਸਕਰ ਕਾਬੂ

Jan 29, 2026 | Crime, PUNJAB

ਪੰਜਾਬ ਪੁਲਿਸ ਦੇ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਜਾਰੀ “ਜੰਗ” ਵਿੱਚ ਅੱਜ ਇੱਕ ਵੱਡਾ ਮੋੜ ਆਇਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੇ ਓਪਰੇਸ਼ਨ ਦੌਰਾਨ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਸਾਰੀ ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ ਸਰਹੱਦੀ ਇਲਾਕੇ ਵਿੱਚ ਬਣੀ ਪਿੰਡ ਸੁਰੱਖਿਆ ਕਮੇਟੀ (VDC) ਦੇ ਮੈਂਬਰਾਂ ਨੇ ਕੁਝ ਸ਼ੱਕੀ ਹਲਚਲ ਦੇਖੀ। ਜਾਗਰੂਕ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘੇਰਾਬੰਦੀ ਕੀਤੀ ਅਤੇ ਤਲਾਸ਼ੀ ਦੌਰਾਨ ਜੋ ਮਿਲਿਆ, ਉਸਨੇ ਸਭ ਦੇ ਹੋਸ਼ ਉਡਾ ਦਿੱਤੇ। ਪੁਲਿਸ ਨੂੰ ਮੌਕੇ ਤੋਂ 42.983 ਕਿਲੋ ਹੈਰੋਇਨ ਅਤੇ 4 ਹੈਂਡ ਗ੍ਰਨੇਡ ਬਰਾਮਦ ਹੋਏ। ਇਸ ਤੋਂ ਇਲਾਵਾ ਤਸਕਰਾਂ ਕੋਲੋਂ ਇੱਕ ਸਟਾਰ ਮਾਰਕ ਪਿਸਤੌਲ ਅਤੇ 46 ਜ਼ਿੰਦਾ ਕਾਰਤੂਸ ਵੀ ਮਿਲੇ ਹਨ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੌਕੇ ਤੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਹ ਬਰਾਮਦਗੀ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਬੈਠੇ ਤਸਕਰ ਪੰਜਾਬ ਵਿੱਚ ਨਸ਼ੇ ਦੇ ਨਾਲ-ਨਾਲ ਦਹਿਸ਼ਤ ਫੈਲਾਉਣ ਦੀਆਂ ਸਾਜ਼ਿਸ਼ਾਂ ਵੀ ਰਚ ਰਹੇ ਹਨ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।

Advertisement