ਮੁਕਤਸਰ ਪੁਲਿਸ ਨੇ ਸਾਲ ਭਰ ‘ਚ ਹਾਈ ਬੀਮ ਦਾ ਨਹੀਂ ਕੱਟਿਆ ਇੱਕ ਵੀ ਚਲਾਨ

Jan 29, 2026 | PUNJAB

ਸ੍ਰੀ ਮੁਕਤਸਰ ਸਾਹਿਬ – ਸੜਕੀ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਭਾਵੇਂ ਲੱਖਾਂ ਦਾਅਵੇ ਕਰਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਟ੍ਰੈਫਿਕ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਪਿਛਲੇ ਲਗਭਗ ਇੱਕ ਸਾਲ ਤੋਂ ਜ਼ਿਲ੍ਹੇ ਵਿੱਚ ਹਾਈ ਬੀਮ (ਤੇਜ਼ ਲਾਈਟਾਂ) ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਦਾ ਚਲਾਨ ਨਹੀਂ ਕੱਟਿਆ ਗਿਆ।

ਇਹ ਅੰਕੜਾ ਬੇਹੱਦ ਚਿੰਤਾਜਨਕ ਹੈ ਕਿਉਂਕਿ ਰਾਤ ਦੇ ਸਮੇਂ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਦੀਆਂ ਤੇਜ਼ ਲਾਈਟਾਂ ਹੁੰਦੀਆਂ ਹਨ। ਜਦੋਂ ਕੋਈ ਵਾਹਨ ਚਾਲਕ ਹਾਈ ਬੀਮ ਦੀ ਵਰਤੋਂ ਕਰਦਾ ਹੈ, ਤਾਂ ਦੂਜੇ ਪਾਸਿਓਂ ਆ ਰਹੇ ਡਰਾਈਵਰ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਅਤੇ ਕੁਝ ਪਲਾਂ ਲਈ ਉਸਨੂੰ ਸੜਕ ਵਿਖਾਈ ਦੇਣੀ ਬੰਦ ਹੋ ਜਾਂਦੀ ਹੈ। ਅਜਿਹੇ ਹਾਲਾਤਾਂ ਵਿੱਚ ਅਕਸਰ ਭਿਆਨਕ ਹਾਦਸੇ ਵਾਪਰਦੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਲੋਕਾਂ ਨੇ ਆਪਣੀਆਂ ਗੱਡੀਆਂ ਅਤੇ ਮੋਟਰਸਾਈਕਲਾਂ ‘ਤੇ ਕੰਪਨੀ ਫਿਟਿਡ ਲਾਈਟਾਂ ਦੀ ਬਜਾਏ ਤੇਜ਼ ਤਰਾਰ LED ਲਾਈਟਾਂ ਲਗਵਾ ਲਈਆਂ ਹਨ, ਜੋ ਗੈਰ-ਕਾਨੂੰਨੀ ਹਨ।

ਲੋਕਾਂ ਦਾ ਇਲਜ਼ਾਮ ਹੈ ਕਿ ਪੁਲਿਸ ਦਿਨ ਵੇਲੇ ਤਾਂ ਨਾਕਾਬੰਦੀ ਕਰਕੇ ਦਸਤਾਵੇਜ਼ ਚੈੱਕ ਕਰਨ ਜਾਂ ਹੈਲਮੇਟ ਨਾ ਪਾਉਣ ਵਾਲਿਆਂ ਦੇ ਚਲਾਨ ਕੱਟਣ ਵਿੱਚ ਬਹੁਤ ਮੁਸਤੈਦੀ ਦਿਖਾਉਂਦੀ ਹੈ, ਪਰ ਰਾਤ ਵੇਲੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਇਨ੍ਹਾਂ ਵਾਹਨ ਚਾਲਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸਮਾਜ ਸੇਵੀ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਹਾਈ ਬੀਮ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ਼ ਸਖਤ ਮੁਹਿੰਮ ਵਿੱਢੀ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।