ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਆਦਮਪੁਰ ਹਵਾਈ ਅੱਡੇ ਦਾ ਨਾਂ ‘ਗੁਰੂ ਰਵਿਦਾਸ ਜੀ’ ਦੇ ਨਾਂ ‘ਤੇ ਰੱਖਣਗੇ; ਹਲਵਾਰਾ ਟਰਮੀਨਲ ਦਾ ਵੀ ਹੋਵੇਗਾ ਉਦਘਾਟਨ

Jan 29, 2026 | PUNJAB

ਧਾਨ ਮੰਤਰੀ ਨਰਿੰਦਰ ਮੋਦੀ ਆਪਣੇ 1 ਫਰਵਰੀ ਦੇ ਪੰਜਾਬ ਦੌਰੇ ਦੌਰਾਨ ਦੋਆਬਾ ਖੇਤਰ ਨੂੰ ਇੱਕ ਵੱਡਾ ਅਤੇ ਭਾਵੁਕ ਤੋਹਫ਼ਾ ਦੇਣ ਜਾ ਰਹੇ ਹਨ। ਪ੍ਰੋਗਰਾਮ ਮੁਤਾਬਕ, ਪ੍ਰਧਾਨ ਮੰਤਰੀ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲ ਕੇ ‘ਸੰਤ ਗੁਰੂ ਰਵਿਦਾਸ ਜੀ’ ਦੇ ਨਾਂ ‘ਤੇ ਰੱਖਣ ਦੀ ਰਸਮ ਨਿਭਾਉਣਗੇ। ਉਹ ਦੁਪਹਿਰ ਕਰੀਬ 3:35 ਵਜੇ ਆਦਮਪੁਰ ਪਹੁੰਚਣਗੇ ਅਤੇ ਉੱਥੇ ਇੱਕ ਵਿਸ਼ੇਸ਼ ਪਲੇਕ ਦਾ ਉਦਘਾਟਨ ਕਰਕੇ ਹਵਾਈ ਅੱਡੇ ਦਾ ਨਵਾਂ ਨਾਮਕਰਨ ਕਰਨਗੇ।

ਇਸੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਦੇ ਨਵੇਂ ਬਣੇ ਟਰਮੀਨਲ ਦਾ ਵੀ ਵਰਚੁਅਲ ਢੰਗ ਨਾਲ ਉਦਘਾਟਨ ਕਰਨਗੇ। ਹਵਾਈ ਅੱਡੇ ਦੇ ਇਨ੍ਹਾਂ ਪ੍ਰੋਗਰਾਮਾਂ ਤੋਂ ਵਿਹਲੇ ਹੋ ਕੇ ਉਹ ਸਿੱਧੇ ਡੇਰਾ ਸੱਚਖੰਡ ਬੱਲਾਂ ਲਈ ਰਵਾਨਾ ਹੋਣਗੇ। ਉੱਥੇ ਉਹ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ ਅਤੇ ਸੰਗਤ ਨੂੰ ਸੰਬੋਧਨ ਕਰਨਗੇ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਸਾਹਿਬ ਦੇ ਨਾਂ ‘ਤੇ ਰੱਖਿਆ ਜਾਵੇ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਦੋਆਬਾ ਖੇਤਰ ਦੇ ਰਵਿਦਾਸੀਆ ਭਾਈਚਾਰੇ ਅਤੇ ਦਲਿਤ ਵੋਟ ਬੈਂਕ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਦੇਣ ਦਾ ਵੀ ਐਲਾਨ ਕੀਤਾ ਹੈ, ਜਿਸ ਨਾਲ ਇਸ ਦੌਰੇ ਦੀ ਸਿਆਸੀ ਅਹਿਮੀਅਤ ਹੋਰ ਵਧ ਗਈ ਹੈ।