ਯਮੁਨਾਨਗਰ, 18 ਫਰਵਰੀ 2026 : ਯਮੁਨਾਨਗਰ (Yamunanagar) ਵਿਖੇ ਕੁੱਝ ਦਿਨ ਪਹਿਲਾਂ ਦੇਰ ਰਾਤ ਵਰਯਾਮ ਸਿੰਘ ਹਸਪਤਾਲ ਅਤੇ ਸਿਟੀ ਮਾਲ ਦੇ ਬਾਹਰ ਹੋਈ ਫਾਇਰਿੰਗ ਮਾਮਲੇ (Firing cases) `ਚ ਹੈਰਾਨੀਜਨਕ ਖੁਲਾਸਾ ਹੋਇਆ ਹੈ ।
ਹਰਿਆਣਵੀ ਗਾਇਕ ਹਰਸ਼ ਮੋਹਾਲੀ ਤੋਂ ਗ੍ਰਿਫ਼ਤਾਰ
ਪੁਲਸ ਜਾਂਚ `ਚ ਸਾਹਮਣੇ ਆਇਆ ਹੈ ਕਿ ਵਾਰਦਾਤ ਦੀ ਸਾਜ਼ਿਸ਼ `ਚ ਹਰਿਆਣਵੀ ਗੀਤਾਂ ਦੇ ਲੇਖਕ ਅਤੇ ਗਾਇਕ ਵਿਵੇਕ ਉਰਫ਼ ਹਰਸ਼ ਨਿਵਾਸੀ ਬੁਬਕਾ ਦੀ ਅਹਿਮ ਭੂਮਿਕਾ ਰਹੀ ਹੈ । ਪੁਲਸ ਨੇ ਉਸ ਨੂੰ ਸਾਜ਼ਿਸ਼ਕਰਤਾ ਦੇ ਤੌਰ `ਤੇ ਮੋਹਾਲੀ ਤੋਂ ਗ੍ਰਿਫ਼ਤਾਰ (Arrested) ਕੀਤਾ ਹੈ । ਪੁਲਸ ਅਨੁਸਾਰ ਵਿਵੇਕ ਉਰਫ਼ ਹਰਸ਼ (Vivek alias Harsh) ਨੇ ਫਾਇਰਿੰਗ ਕਰਨ ਵਾਲੇ ਬਦਮਾਸ਼ਾਂ ਨੂੰ ਪਨਾਹ ਦਿੱਤੀ ਸੀ । ਇੰਨਾ ਹੀ ਨਹੀਂ, ਉਸ ਨੇ ਉਨ੍ਹਾਂ ਨੂੰ ਵਾਰਦਾਤ ਲਈ ਪੈਸੇ ਅਤੇ ਹਥਿਆਰ ਵੀ ਮੁਹੱਈਆ ਕਰਵਾਏ । ਪੁੱਛਗਿੱਛ `ਚ ਇਹ ਵੀ ਸਾਹਮਣੇ ਆਇਆ ਹੈ ਕਿ ਫਾਇਰਿੰਗ ਦੀ ਯੋਜਨਾ ਪਹਿਲਾਂ ਤੋਂ ਬਣਾਈ ਗਈ ਸੀ ਅਤੇ ਵਿਵੇਕ ਇਸ ਪੂਰੀ ਸਾਜ਼ਿਸ਼ `ਚ ਸਰਗਰਮ ਰੂਪ ਵਿਚ ਸ਼ਾਮਲ ਸੀ ।
ਕੀ ਦੱਸਿਆ ਏ. ਐਸ. ਪੀ. ਨੇ
ਪ੍ਰੈੱਸ ਕਾਨਫਰੰਸ `ਚ ਏ. ਐੱਸ. ਪੀ. ਅਮਰਿੰਦਰ ਸਿੰਘ (A. S. P. Amarinder Singh) ਨੇ ਦੱਸਿਆ ਕਿ ਵਿਵੇਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਸਾਰਿਆਂ ਨੂੰ ਅਦਾਲਤ `ਚ ਪੇਸ਼ ਕਰ ਕੇ ਰਿਮਾਂਡ `ਤੇ ਲਿਆ ਗਿਆ ਹੈ । ਮੁਲਜ਼ਮ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ `ਚ ਸਨ । ਪੁਲਸ ਨੇ ਦੱਸਿਆ ਕਿ 7 ਫਰਵਰੀ ਦੀ ਰਾਤ ਹਸਪਤਾਲ ਅਤੇ ਮਾਲ ਦੇ ਬਾਹਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 3 ਬਦਮਾਸ਼ਾਂ ਨੂੰ 8 ਫਰਵਰੀ ਨੂੰ ਰਟੌਲੀ ਰੋਡ `ਤੇ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ । ਪੁੱਛਗਿੱਛ `ਚ ਇਨ੍ਹਾਂ ਬਦਮਾਸ਼ਾਂ ਨੇ ਹੀ ਵਿਵੇਕ ਉਰਫ਼ ਹਰਸ਼ ਦੇ ਨਾਂ ਦਾ ਖੁਲਾਸਾ ਕੀਤਾ ਸੀ ।










