ਪਟਿਆਲਾ, 15 ਜੁਲਾਈ 2026 : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) ਦੇ ਚੇਅਮੈਨ ਹਰਪਾਲ ਜੁਨੇਜਾ ਵਲੋਂ ਦਫ਼ਤਰ ਵਿਖੇ ਇਕ ਲੋਕ ਅਦਾਲਤ (Lok Adalat) ਦਾ ਆਯੋਜਨ ਕੀਤਾ ਗਿਆ ਹੈ ।
ਕੀ ਉਦੇਸ਼ ਸੀ ਲੋਕ ਅਦਾਲਤ ਦਾ ਆਯੋਜਨ ਕਰਨ ਦਾ
ਪਟਿਆਲਾ-ਨਾਭਾ ਰੋਡ ਤੇ ਸਥਿਤ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ (Chairman Advocate Harpal Juneja) ਵਲੋਂ ਜੋ ਇਕ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਅੱਜ ਕੀਤਾ ਗਿਆ ਹੈ ਦਾ ਉਦੇਸ਼ ਉਨ੍ਹਾਂ ਕਰਮਚਾਰੀਆਂ ਨੂੰ ਨਿਰਪੱਖ ਢੰਗ ਨਾਲ ਇਨਸਾਫ਼ ਪ੍ਰਦਾਨ ਕਰਨਾ ਸੀ, ਜੋ ਬੀਤੇ ਸਮੇਂ ਦੌਰਾਨ ਗ਼ੈਰ-ਹਾਜ਼ਰੀ ਜਾਂ ਮਾਮੂਲੀ ਵਿੱਤੀ ਬੇਨਿਯਮੀਆਂ ਕਾਰਨ ਆਪਣੀ ਨੌਕਰੀ ਤੋਂ ਵਾਂਝੇ ਹੋ ਗਏ ਸਨ । ਦੱਸਣਯੋਗ ਹੈ ਕਿ ਇਹ ਲੋਕ ਅਦਾਲਤ ਜੁਨੇਜਾ ਦੀ ਦੂਰਅੰਦੇਸ਼, ਮਨੁੱਖਤਾ-ਪੱਖੀ ਅਤੇ ਕਰਮਚਾਰੀ ਹਿੱਤਾਂ ਨੂੰ ਸਮਰਪਿਤ ਸੋਚ ਦੇ ਸਦਕਾ ਹੀ ਲਗਾਈ ਗਈ ਹੈ ।
ਅਨੁਸ਼ਾਸਨ ਕਿਸੇ ਵੀ ਸੰਸਥਾ ਦੀ ਹੈ ਬੁਨਿਆਦ : ਜੁਨੇਜਾ
ਲੋਕ ਅਦਾਲਤ ਦੌਰਾਨ ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਅਤੇ ਜਨਰਲ ਮੈਨੇਜਰ (ਪ੍ਰਸ਼ਾਸਨ) ਮਨਿੰਦਰਪਾਲ ਸਿੱਧੂ ਨੇ ਹਰੇਕ ਕੇਸ ਦੀ ਵੱਖ-ਵੱਖ ਤੌਰ `ਤੇ ਗੰਭੀਰਤਾ ਨਾਲ ਸੁਣਵਾਈ ਕੀਤੀ । ਸਬੰਧਤ ਕਰਮਚਾਰੀਆਂ ਦੇ ਸਮੁੱਚੇ ਸੇਵਾ ਰਿਕਾਰਡ, ਇਮਾਨਦਾਰੀ, ਪਿਛਲੀ ਕਾਰਗੁਜ਼ਾਰੀ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਫ਼ੈਸਲੇ ਲਏ ਗਏ ।
ਇਸ ਪ੍ਰਕਿਰਿਆ ਉਪਰੰਤ ਯੋਗ ਪਾਏ ਗਏ ਡਰਾਈਵਰਾਂ, ਕੰਡਕਟਰਾਂ ਨੂੰ ਮੁੜ ਸੇਵਾ ਵਿੱਚ ਬਹਾਲ ਕੀਤਾ ਗਿਆ । ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਕਿ “ਅਨੁਸ਼ਾਸਨ ਕਿਸੇ ਵੀ ਸੰਸਥਾ ਦੀ ਬੁਨਿਆਦ ਹੈ, ਪਰ ਜਿੱਥੇ ਸੁਧਾਰ ਦੀ ਗੁੰਜਾਇਸ਼ ਹੋਵੇ, ਉੱਥੇ ਇੱਕ ਮੌਕਾ ਦੇਣਾ ਵੀ ਇਨਸਾਫ਼ ਦਾ ਅਹਿਮ ਹਿੱਸਾ ਹੈ । ਪੀ. ਆਰ. ਟੀ. ਸੀ. ਆਪਣੇ ਕਰਮਚਾਰੀਆਂ ਨੂੰ ਕੇਵਲ ਮੁਲਾਜ਼ਮ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਸਮਝਦੀ ਹੈ ।
ਪਹਿਲ ਦਾ ਉਦੇਸ਼ ਕਰਮਚਾਰੀਆਂ ਵਿਚ ਅਦਾਰੇ ਪ੍ਰਤੀ ਸਮਰਪਣ ਦੀ ਭਾਵਨਾ ਮਜ਼ਬੂਤ ਕਰਨਾ ਹੈ
ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਕਰਮਚਾਰੀਆਂ ਵਿੱਚ ਭਰੋਸਾ, ਜਿ਼ੰਮੇਵਾਰੀ ਅਤੇ ਪੀ. ਆਰ. ਟੀ. ਸੀ. ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ ਤਾਂ ਜੋ ਹਰ ਕਰਮਚਾਰੀ ਨਵੀਂ ਊਰਜਾ ਅਤੇ ਵਚਨਬੱਧਤਾ ਨਾਲ ਪੀ. ਆਰ. ਟੀ. ਸੀ. ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੇ । ਪੀ. ਆਰ. ਟੀ. ਸੀ. ਪਰਿਵਾਰ ਵਿੱਚ ਮੁੜ ਸ਼ਾਮਲ ਹੋਏ ਸਮੂਹ ਡਰਾਈਵਰਾਂ, ਕੰਡਕਟਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਗਈ । ਇਹ ਉਪਰਾਲਾ ਪੀ. ਆਰ. ਟੀ. ਸੀ. ਵਿੱਚ ਨਿਆਂ, ਪਾਰਦਰਸ਼ਤਾ, ਮਨੁੱਖੀ ਸੰਵੇਦਨਸ਼ੀਲਤਾ ਅਤੇ ਕਰਮਚਾਰੀ ਭਲਾਈ ਪ੍ਰਤੀ ਪ੍ਰਬੰਧਨ ਦੀ ਵਚਨਬੱਧਤਾ ਦਾ ਇੱਕ ਹੋਰ ਮਜ਼ਬੂਤ ਪ੍ਰਮਾਣ ਹੈ ।








