ਹਰਿਆਣਾ ਦੇ ਹਿਸਾਰ ਵਿਚ ਸ਼ੁਰੂ ਹੋਈ ਜੀਵ ਸੰਜੀਵਨੀ ਮਹਾ ਮੁਹਿੰਮ

ਹਿਸਾਰ, 24 ਜੂਨ 2026 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਵਿਖੇ ਪਸ਼ੂ ਭਲਾਈ ਖੇਤਰ ਵਿਚ ਪਹਿਲੀ ਵਿਲੱਖਣ ਜੀਵ-ਸੰਜੀਵਨੀ ਮਹਾ ਮੁਹਿੰਮ (Jiv-Sanjeevani Maha Campaign) ਦੀ ਸ਼ੁਰੂਆਤ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਹੈ ਇਹ ਜੀਵ-ਸੰਜੀਵਨੀ ਮਹਾ ਮੁਹਿੰਮ

ਹਿਸਾਰ ਵਿਖੇ ਜੋ ਇਹ ਜੀਵ ਸੰਜੀਵਨੀ ਮਹਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਜਿਥੇ ਆਪਣੇ ਆਪ ਵਿਚ ਦੇਸ ਦੀ ਪਹਿਲੀ ਵਿਲੱਖਣ ਅਤੇ ਪਹਿਲ ਕਦਮੀ ਹੈ, ਉਥੇ ਇਹ ਲਾਲਾ ਲਾਜਪਤ ਰਾਏ ਪਸ਼ੂ ਚਿਕਿਤਸਾ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ (ਲੁਵਾਸ) ਦੇ ਸਹਿਯੋਗ ਨਾਲ ਕੀਤੀ ਗਈ ਹੈ । ਜਿਸ ਤਹਿਤ ਹਿਸਾਰ `ਚ ਦੇਸ਼ ਦਾ ਪਹਿਲਾ ਸੰਗਠਿਤ ਪਸ਼ੂ ਖੂਨਦਾਨ ਕੈਂਪ (Animal Blood Donation Camp) ਲਗਾਇਆ ਗਿਆ । ਇਸ ਦਾ ਉਦੇਸ਼ ਭਵਿੱਖ `ਚ ਪਸ਼ੂਆਂ ਦਾ ਇਕ ਸਵੈ-ਇੱਛਤ ਖੂਨਦਾਨੀ ਨੈੱਟਵਰਕ ਵਿਕਸਤ ਕਰਨਾ ਹੈ। ਕੈਂਪ ਦੇ ਪਹਿਲੇ ਦਿਨ ਚਾਰ ਕੁੱਤਿਆਂ ਤੇ ਇਕ ਮੱਝ ਨੇ ਖੂਨਦਾਨ ਕਰਕੇ ਇਸ ਨਵੀਂ ਪਹਿਲ ਦਾ ਹਿੱਸਾ ਬਣਨ ਦਾ ਸੰਦੇਸ਼ ਦਿੱਤਾ ।

ਮੁਹਿੰਮ ਦੇ ਉਦਘਾਟਨ ਮੌਕੇ ਲੁਵਾਸ ਦੇ ਵੀ. ਸੀ. ਨੇ ਕੀ ਦੱਸਿਆ

ਮਹਾਂ-ਮੁਹਿੰਮ ਦੇ ਉਦਘਾਟਨ ਮੌਕੇ ਲੁਵਾਸ ਦੇ ਉਪ-ਕੁਲਪਤੀ ਡਾ. ਵਿਨੋਦ ਕੁਮਾਰ ਵਰਮਾ (Vice-Chancellor Dr. Vinod Kumar Verma) ਨੇ ਦੱਸਿਆ ਕਿ ਪਸ਼ੂਆਂ ਲਈ ਖੂਨਦਾਨੀ ਦਾ ਉਪਲਬਧ ਨਾ ਹੋਣਾ ਕਾਫ਼ੀ ਸਮੇਂ ਤੋਂ ਇੱਕ ਵੱਡੀ ਚੁਣੌਤੀ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਕੱਠੇ ਕੀਤੇ ਗਏ ਖੂਨ ਨੂੰ ਲੁਵਾਸ `ਚ ਉਪਲਬਧ ਬਲੱਡ ਬੈਂਕ ਦੀ ਸਹੂਲਤ ਰਾਹੀਂ ਸੁਰੱਖਿਅਤ ਰੂਪ `ਚ ਸੁਰੱਖਿਅਤ ਕੀਤਾ ਜਾਵੇਗਾ ਤਾਂ ਜੋ ਲੋੜ ਪੈਣ `ਤੇ ਗੰਭੀਰ ਰੂਪ `ਚ ਬਿਮਾਰ ਪਸ਼ੂਆਂ ਦੇ ਇਲਾਜ ਵਿੱਚ ਉਸਦੀ ਵਰਤੋਂ ਕੀਤੀ ਜਾ ਸਕੇ । ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਮਾਡਲ ਨੂੰ ਵੱਡੇ ਪੱਧਰ `ਤੇ ਅਪਣਾਇਆ ਗਿਆ ਤਾਂ ਭਵਿੱਖ ਵਿਚ ਦੇਸ਼ ਭਰ `ਚ ਪਸ਼ੂ ਖੂਨਦਾਨ ਦੀ ਇੱਕ ਸੰਗਠਿਤ ਵਿਵਸਥਾ ਵਿਕਸਤ ਹੋ ਸਕਦੀ ਹੈ ।

ਪਸ਼ੂਆਂ ਨੂੰ ਪੈਂਦੀ ਹੈ ਵੱਖ-ਵੱਖ ਮੌਕਿਆਂ ਤੇ ਖੂਨ ਦੀ ਲੋੜ

ਮਾਹਰਾਂ ਅਨੁਸਾਰ ਸੜਕ ਹਾਦਸਿਆਂ, ਵੱਡੇ ਅਪਰੇਸ਼ਨਾਂ, ਜਣੇਪੇ ਸਬੰਧੀ ਗੁੰਝਲਾਂ, ਐਨੀਮੀਆ, ਚਿੱਚੜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਬਹੁਤ ਜਿ਼ਆਦਾ ਖੂਨ ਵਗਣ ਦੀਆਂ ਸਥਿਤੀਆਂ `ਚ ਪਸ਼ੂਆਂ ਨੂੰ ਤੁਰੰਤ ਖੂਨ ਦੀ ਲੋੜ ਪੈਂਦੀ ਹੈ । ਪਰ ਦੇਸ਼ ਵਿਚ ਹੁਣ ਤਕ ਪਸ਼ੂਆਂ ਲਈ ਕੋਈ ਸੰਗਠਿਤ ਖੂਨਦਾਨ ਪ੍ਰਣਾਲੀ ਵਿਕਸਤ ਨਹੀਂ ਹੋ ਸਕੀ ਸੀ । ਅਜਿਹੇ ਵਿਚ ਕਈ ਵਾਰ ਇਲਾਜ ਦੌਰਾਨ ਢੁਕਵੇਂ ਖੂਨਦਾਨੀ ਦੀ ਭਾਲ ਸਭ ਤੋਂ ਵੱਡੀ ਚੁਣੌਤੀ ਬਣ ਜਾਂਦੀ ਹੈ ।

ਬਲੱਡ ਬੈਂਕ ਵਿਚ ਕਿੰਨੇ ਦਿਨ ਰੱਖਿਆ ਜਾ ਸਕਦਾ ਹੈ ਖੂਨ ਸੁਰੱਖਿਅਤ

ਲੁਵਾਸ `ਚ ਪਸ਼ੂਆਂ ਲਈ ਬਲੱਡ ਬੈਂਕ ਦੀ ਸਹੂਲਤ ਚੱਲ ਰਹੀ ਹੈ, ਜਿੱਥੇ ਸੁਰੱਖਿਅਤ ਹਾਲਾਤ `ਚ ਖ਼ੂਨ ਨੂੰ ਲਗਪਗ 40 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਲੋੜ ਪੈਣ `ਤੇ ਇਹ ਖੂਨ ਹਾਦਸਿਆਂ, ਸਰਜਰੀ, ਜਣੇਪੇ ਦੀਆਂ ਗੁੰਝਲਾਂ ਅਤੇ ਬਿਮਾਰੀਆਂ ਨਾਲ ਜੂਝ ਰਹੇ ਪਸ਼ੂਆਂ ਦੇ ਇਲਾਜ `ਚ ਵਰਤਿਆ ਜਾਂਦਾ ਹੈ । ਮਾਹਿਰਾਂ ਅਨੁਸਾਰ ਸੰਗਠਿਤ ਖੂਨਦਾਨੀ ਨੈੱਟਵਰਕ (Blood Donor Network) ਵਿਕਸਤ ਹੋਣ ਨਾਲ ਹਜ਼ਾਰਾਂ ਪਸ਼ੂਆਂ ਨੂੰ ਸਮੇਂ ਸਿਰ ਇਲਾਜ ਮਿਲ ਸਕੇਗਾ ।