1.60 ਲੱਖ ਲੋਕ ਕਰਵਾ ਚੁੱਕੇ ਹਨ 191 ਕਰੋੜ ਰੁਪਏ ਦਾ ਮੁਫ਼ਤ ਇਲਾਜ : ਸਿਹਤ ਮੰਤਰੀ

ਪਟਿਆਲਾ, 25 ਮਾਰਚ 2026 : ਪੰਜਾਬ ਦੇ ਸਿਹਤ ਮੰਤਰੀ (Health Minister) ਡਾਕਟਰ ਬਲਬੀਰ ਸਿੰਘ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਿੰਨੇ ਵਿਅਕਤੀ ਕਿੰਨੇ ਦਾ ਕਰਵਾ ਚੁੱਕੇ ਹਨ ਇਲਾਜ ਸਬੰਧੀ ਜਾਣਕਾਰੀ ਦਿੱਤੀ ।

ਸਿਹਤ ਮੰਤਰੀ ਪੰਜਾਬ ਨੇ ਦਿੱਤੀ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਜਾਣਕਾਰੀ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਨਿਵੇਕਲੀ ਸਕੀਮ `ਮੁੱਖ ਮੰਤਰੀ ਸਿਹਤ ਯੋਜਨਾ` ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਅੱਜ ਇੱਥੇ ਪੰਜਾਬ ਸਰਕਾਰ (Punjab Government) ਦੀਆਂ ਸਿਹਤ ਖੇਤਰ `ਚ 4 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ 1.60 ਲੱਖ ਲੋਕਾਂ ਨੇ 191 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ ਹੈ ।

ਪੰਜਾਬ ਦੇ ਸਿਹਤ ਮਾਡਲ ਦੀ ਬਾਕੀ ਸੂਬਿਆਂ ਵਿਚ ਹੋਣ ਲੱਗੀ ਹੈ ਕਾਪੀ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਦੇ ਸਿਹਤ ਮਾਡਲ ਦੀ ਦੇਸ਼ ਦੇ ਬਾਕੀ ਰਾਜਾਂ `ਚ ਕਾਪੀ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ `ਚ ਸਿਹਤ, ਸਿੱਖਿਆ ਤੇ ਰੋਜ਼ਗਾਰ ਨੂੰ ਪਹਿਲ ਦਿੱਤੀ, ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ । ਉਨ੍ਹਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਕਾਇਆਂ ਕਲਪ ਕਰਨ ਨਾਲ ਸੂਬੇ ਵਿੱਚ ਸਿਹਤ ਕ੍ਰਾਂਤੀ ਦਾ ਆਗਾਜ਼ ਕੀਤਾ ਸੀ ਅਤੇ ਪਿਛਲੇ ਚਾਰ ਸਾਲਾਂ `ਚ ਆਪ ਦੀ ਸਰਕਾਰ ਨੇ ਸਿਹਤ ਖੇਤਰ `ਚ ਲਾਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ ਹਨ ।

25 ਲੱਖ ਕਾਰਡ ਚੁੱਕੇ ਹਨ

ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਤਹਿਤ 65 ਲੱਖ ਪਰਿਵਾਰਾਂ ਤੇ 3 ਕਰੋੜ ਲੋਕਾਂ ਦੇ ਸਿਹਤ ਕਾਰਡ ਬਣਨੇ ਹਨ, ਜਿਨ੍ਹਾਂ `ਚੋਂ ਹੁਣ ਤੱਕ 25 ਲੱਖ ਕਾਰਡ ਬਣ ਚੁੱਕੇ ਹਨ ਤੇ ਉਹ ਸਭ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਕਿਸੇ ਬਿਮਾਰੀ ਦੀ ਉਡੀਕ ਕਰਨ ਦੀ ਬਜਾਇ ਪਹਿਲਾਂ ਹੀ ਆਪਣੇ ਇਹ ਕਾਰਡ ਬਣਵਾ ਲੈਣ । ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਅੰਦਰ 9 ਹੋਰ ਨਵੇਂ ਮੈਡੀਕਲ ਕਾਲਜ ਬਣ ਰਹੇ ਹਨ, ਜਿਨ੍ਹਾਂ `ਚੋਂ ਪਹਿਲਾਂ ਹੀ ਚਾਲੂ ਰਿਮਟ ਫ਼ਤਿਹਗੜ੍ਹ ਸਾਹਿਬ, ਈਐਸਆਈ ਲੁਧਿਆਣਾ ਸਮੇਤ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਲਹਿਰਾਗਾਗਾ, ਮਲੇਰਕੋਟਲਾ ਤੇ ਲੁਧਿਆਣਾ ਵਿਖੇ ਬਣਨ ਵਾਲੇ ਮੈਡੀਕਲ ਕਾਲਜਾਂ `ਚ 600 ਨਵੀਂਆਂ ਐਮ. ਬੀ. ਬੀ. ਐਸ. ਸੀਟਾਂ ਸ਼ਾਮਲ ਹੋਣਗੀਆਂ। ਜਦਕਿ ਮੈਡੀਕਲ ਸਿੱਖਿਆ ਵਿਭਾਗ ਵਿੱਚ ਮਨੁਖੀ ਸਰੋਤ ਦੀ ਕਮੀ ਦੂਰ ਕੀਤੀ ਗਈ ਹੈ ਤੇ ਪ੍ਰੋਫੈਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ ।

ਸਰਕਾਰੀ ਮੈਡੀਕਲ ਕਾਲਜਾਂ ਵਿਚ ਕਰੋੜਾਂ ਦਾ ਸਾਜੋ ਸਮਾਨ ਜਾ ਰਿਹੈ ਖਰੀਦਿਆ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਸਾਰੇ ਸਰਕਾਰੀ ਮੈਡੀਕਲ ਕਾਲਜਾਂ `ਚ 200 ਕਰੋੜ ਰੁਪਏ ਦਾ ਸਾਜੋ ਸਮਾਨ ਖਰੀਦਿਆ ਜਾ ਰਿਹਾ ਹੈ ਤੇ ਰਾਜ ਦੇ ਸਾਰੇ ਜ਼ਿਲ੍ਹਿਆਂ `ਚ 50-50 ਬੈਡਾਂ ਦੀ ਸਹੂਲਤ ਵਾਲੇ 22 ਕ੍ਰਿਟੀਕਲ ਕੇਅਰ ਬਲਾਕ ਬਣਾਏ ਜਾ ਰਹੇ ਹਨ । ਸਿਹਤ ਮੰਤਰੀ ਨੇ ਦੱਸਿਆ ਕਿ ਮੁਫ਼ਤ ਦਵਾਈਆਂ ਪਹਿਲਾਂ ਹੀ ਦੇਣ ਸਮੇਤ ਡਾਇਗਨੋਸਟਿਕ ਸੇਵਾਵਾਂ ਦਾ ਵਿਸਥਾਰ ਕਰਦੇ ਹੋਏ ਸਾਰੇ ਜ਼ਿਲ੍ਹਾ ਹਸਪਤਾਲਾਂ `ਚ ਇਸ ਸਾਲ `ਚ ਐਮ.ਆਰ.ਆਈ, 8 ਹੋਰ ਹਸਪਤਾਲਾਂ `ਚ ਸੀ.ਟੀ ਸਕੈਨ ਸਹੂਲਤ ਤੋਂ ਇਲਾਵਾ 250 ਬੈਡਾਂ ਵਾਲੇ 7 ਜੱਚਾ-ਬੱਚਾ ਹਸਪਤਾਲ ਚਾਲੂ ਕੀਤੇ ਜਾਣਗੇ ਤੇ ਐਕਸਰੇ ਤੇ ਅਲਟਰਸਾਊਂਡ ਲਈ ਸੂਚੀਬੱਧ 200 ਤੋਂ ਵੱਧ ਪ੍ਰਾਈਵੇਟ ਡਾਇਗੋਸਟਿਕ ਸੈਂਟਰ ਵੀ ਚੱਲ ਰਹੇ ਹਨ ।

883 ਆਮ ਆਦਮੀ ਕਲੀਨਿਕਾਂ ਨੇ ਕੀਤਾ ਕਰੋੜਾਂ ਲੋਕਾਂ ਦਾ ਇਲਾਜ

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਰਾਜ ਅੰਦਰ 883 ਆਮ ਆਦਮੀ ਕਲੀਨਿਕਾਂ ਨੇ 5 ਕਰੋੜ ਓਪੀਡੀ ਕਰਕੇ 1.69 ਕਰੋੜ ਲੋਕਾਂ ਦਾ ਮੁਫ਼ਤ ਇਲਾਜ ਕਰਕੇ ਵੱਡਾ ਮਾਅਰਕਾ ਮਾਰਿਆ ਹੈ ਜਦੋਂਕਿ ਸੀ. ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਨੇ ਵੀ ਸਿਹਤ ਖੇਤਰ `ਚ ਨਵੀਂ ਕ੍ਰਾਂਤੀ ਲਿਆਂਦੀ ਹੈ ਤੇ 8000 ਯੋਗਾ ਸ਼ੈਸ਼ਨਾਂ ਦਾ 2 ਲੱਖ ਲੋਕ ਰੋਜ਼ਾਨਾ ਲਾਭ ਲੈ ਰਹੇ ਹਨ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਨੇ 948 ਜਨਰਲ ਡਾਕਟਰ ਤੇ 627 ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਕੇ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੈਡੀਕਲ ਭਰਤੀ ਕੀਤੀ ਹੈ। ਜਦਕਿ ਪੈਰਾਮੈਡੀਕਲ ਪ੍ਰੋਫੈਸ਼ਨਲਜ ਦੀ ਭਰਤੀ `ਚ 300 ਨਰਸਿੰਗ ਸਟਾਫ ਤੇ 250 ਫਾਰਮਾਸਿਸਟ ਭਰਤੀ ਕਰਨ ਸਮੇਤ 672 ਨਰਸਾਂ ਦੀ ਹੋਰ ਭਰਤੀ ਚੱਲ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੀ ਫਰਿਸਤੇ ਸਕੀਮ ਨੇ ਹੁਣ ਤੱਕ 600 ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਹਨ ।