ਇੰਫਾਲ, 21 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਣੀਪੁਰ (Manipur) ਦੇ ਇੰਫਾਲ ਜਿਲੇ ਵਿਚ ਰੈਲੀ ਦੌਰਾਨ ਹੋਈ ਹਿੰਸਾ ਵਿਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਹੈ ਪੂਰਾ ਮਾਮਲਾ
ਮਣੀਪੁਰ ਦੇ ਇੰਫਾਲ (Imphal) ਪੱਛਮੀ ਜਿਲੇ ਵਿਚ 2 ਦਿਨ ਪਹਿਲਾਂ ਹੋਈ ਇਕ ਰੈਲੀ ਦੌਰਾਨ ਹਿੰਸਾ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 18 ਅਪ੍ਰੈਲ ਨੂੰ ਹੋਈ ਹਿੰਸਾ ਦੌਰਾਨ ਸੁਰੱਖਿਆ ਮੁਲਾਜ਼ਮ ਦੇ ਵਾਹਨਾਂ `ਤੇ ਪੱਥਰ ਅਤੇ ਪੈਟਰੋਲ ਬੰਬ ਸੁੱਟੇ ਗਏ ਸਨ, ਜਿਸ ਨਾਲ 3 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ । ਹਾਲ ਹੀ ਵਿਚ ਹੋਏ ਬੰਬ ਹਮਲੇ `ਚ 2 ਬੱਚਿਆਂ ਦੀ ਮੌਤ ਦੀ ਘਟਨਾ ਦੇ ਵਿਰੋਧ ਵਿਚ ਮਸ਼ਾਲ ਰੈਲੀ ਕੱਢੀ ਗਈ ਸੀ ।
ਆਪਣੇ ਜਾਰੀ ਬਿਆਨ ਵਿਚ ਪੁਲਸ ਨੇ ਕੀ ਦੱਸਿਆ
ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਨਾਗਰਿਕ ਸਮਾਜ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ (ਸੀ. ਐੱਸ. ਓ.) ਨੇ ਸ਼ਨੀਵਾਰ ਨੂੰ ਇੰਫਾਲ-ਜਿਰੀਬਾਮ ਰੋਡ `ਤੇ ਪਟਸੋਈ ਤੋਂ ਸਗੋਲਬੰਦ ਤੱਕ ਮਸ਼ਾਲ ਰੈਲੀ ਕੱਢੀ ਸੀ । ਇਸ ਦੌਰਾਨ ਭੀੜ ਹਿੰਸਕ ਹੋ ਗਈ ਅਤੇ ਉਸਨੇ ਪੁਲਸ ਮੁਲਾਜ਼ਮਾਂ `ਤੇ ਪਥਰਾਅ ਕੀਤਾ, ਪੈਟਰੋਲ ਬੰਬ ਸੁੱਟੇ ਅਤੇ ਗੁਲੇਲਾਂ ਚਲਾਈਆਂ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ ।










