ਪਟਿਆਲਾ, 19 ਦਸੰਬਰ 2025 : ਉਦਯੋਗ ਅਤੇ ਵਪਾਰ, ਨਿਵੇਸ਼ ਇਨਸੈਂਟਿਵ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Cabinet Minister Sanjeev Arora) ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਅਤੇ ਭਰੋਸੇਯੋਗਤਾ ਕਾਰਨ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣਦਾ ਰਿਹਾ ਹੈ ।
ਅੰਬਰ ਗਰੁੱਪ ਦੇ ਰਾਜਪੁਰਾ `ਚ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਦੀ
ਇੰਡਸਟਰੀ ਨੂੰ ਮਿਲੇਗਾ ਉਤਸ਼ਾਹ
ਇਕ ਤੋਂ ਬਾਅਦ ਇਕ ਕਾਰਪੋਰੇਟ ਸੈਕਟਰ (Corporate sector) ਅਤੇ ਵਿਦੇਸ਼ੀ ਕੰਪਨੀਆਂ ਪੰਜਾਬ `ਚ ਆਪਣੇ ਉਦਯੋਗ ਸਥਾਪਤ (Industry established) ਕਰ ਰਹੀਆਂ ਹਨ । ਇਨ੍ਹਾਂ `ਚੋਂ ਅੰਬਰ ਗਰੁੱਪ ਆਫ ਇੰਡਸਟਰੀਜ਼ (Amber Group of Industries) ਨੇ ਪਟਿਆਲਾ ਜਿ਼ਲੇ ਦੇ ਰਾਜਪੁਰਾ `ਚ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ ਆਧੁਨਿਕ ਖੋਜ ਅਤੇ ਵਿਕਾਸ (ਆਰ. ਐਂਡ ਡੀ.) ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ । ਜੋ ਕਿ ਪੰਜਾਬ ਦੀ ਇੰਡਸਟਰੀ ਲਈ ਇਕ ਵੱਡਾ ਹੁਲਾਰਾ ਹੈ ।
ਇਸ ਪ੍ਰਾਜੈਕਟ ਨਾਲ ਲਗਭਗ 1 ਹਜ਼ਾਰ ਨੌਕਰੀਆਂ ਪੈਦਾ ਹੋਣ ਦੀ ਹੈ ਸੰਭਾਵਨਾ
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਐੱਚ. ਵੀ. ਏ. ਸੀ. ਡਿਜ਼ਾਈਨ ਅਤੇ ਇੰਜੀਨੀਅਰਿੰਗ ਦੇ ਖੇਤਰ `ਚ ਲੱਗਭਗ 1,000 ਉੱਚ-ਗੁਣਵੱਤਾ ਅਤੇ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ । ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੰਬਰ ਗਰੁੱਪ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਪੰਜਾਬ ਸਰਕਾਰ ਦੀਆਂ ਪਾਰਦਰਸ਼ਤੀ ਨੀਤੀਆਂ ਅਤੇ ਇੰਡਸਟਰੀ ਦੇ ਅਨੁਕੂਲ ਮਾਹੌਲ ਅਤੇ ਨਿਵੇਸ਼ਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ।
ਕੀ ਆਖਿਆ ਅੰਬਰ ਗਰੁੱਪ ਦੇ ਸੀ. ਈ. ਓ. ਨੇ
ਉਨ੍ਹਾਂ ਕਿਹਾ ਕਿ ਇਹ ਆਰ. ਐਂਡ ਡੀ. ਕੇਂਦਰ ਰਾਜ ਨੂੰ ਉੱਨਤ ਇੰਜੀਨੀਅਰਿੰਗ, ਉਤਪਾਦ ਡਿਜ਼ਾਈਨ ਅਤੇ ਗਲੋਬਲ ਬਰਾਮਦ ਦੇ ਖੇਤਰ `ਚ ਨਵੀਆਂ ਉਚਾਈਆਂ ਤੱਕ ਲਿਜਾਣ `ਚ ਸਹਾਇਕ ਸਾਬਤ ਹੋਵੇਗਾ । ਅੰਬਰ ਐਂਟਰਪ੍ਰਾਈਜਿ਼ਜ਼ ਇੰਡੀਆ ਲਿਮਟਿਡ (Amber Enterprises India Limited) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਜਸਬੀਰ ਸਿੰਘ ਨੇ ਕਿਹਾ ਕਿ ਪੰਜਾਬ ਹੁਨਰਮੰਦ ਪ੍ਰਤਿਭਾ, ਮਜ਼ਬੂਤ ਉਦਯੋਗਿਕ ਬੁਨਿਆਦੀ ਢਾਂਚੇ ਅਤੇ ਸਥਿਰ ਨੀਤੀਗਤ ਫਰੇਮਵਰਕ ਦਾ ਸ਼ਾਨਦਾਰ ਮਿਲਾਪ ਪ੍ਰਦਾਨ ਕਰਦਾ ਹੈ । ਉਨ੍ਹਾਂ ਦੱਸਿਆ ਕਿ ਰਾਜਪੁਰਾ `ਚ 2 ਪੜਾਵਾਂ `ਚ 500 ਕਰੋੜ ਰੁਪਏ ਦਾ ਨਿਵੇਸ਼ ਭਾਰਤ `ਚ ਨਵੀਨਤਾ-ਆਧਾਰਿਤ ਵਿਕਾਸ ਪ੍ਰਤੀ ਗਰੁੱਪ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ।
ਅੰਬਰ ਗਰੁੱਪ ਭਾਰਤ ਅਤੇ ਵਿਦੇੇਸ਼ਾਂ ਵਿਚ ਇਕ ਮੋਹਰੀ ਨਿਰਮਾਣ ਗਰੁੱਪ ਹੈ
ਜਿ਼ਕਰਯੋਗ ਹੈ ਕਿ ਅੰਬਰ ਗਰੁੱਪ ਭਾਰਤ ਅਤੇ ਵਿਦੇਸ਼ਾਂ `ਚ 33 ਨਿਰਮਾਣ ਇਕਾਈਆਂ ਅਤੇ 12 ਵਿਕਰੀ ਦਫਤਰਾਂ ਦੇ ਨਾਲ ਇਕ ਮੋਹਰੀ ਨਿਰਮਾਣ ਗਰੁੱਪ ਹੈ । ਇਹ ਗਰੁੱਪ ਡਾਇਕਿਨ, ਮਿਤਸੁਬਿਸ਼ੀ, ਪੈਨਾਸੋਨਿਕ, ਐੱਲ. ਜੀ., ਸੈਮਸੰਗ, ਵੋਲਟਾਸ ਅਤੇ ਗੋਦਰੇਜ ਵਰਗੇ ਕਈ ਗਲੋਬਲ ਬ੍ਰਾਂਡਾਂ ਲਈ ਐੱਚ. ਵੀ. ਏ. ਸੀ. ਅਤੇ ਹੋਰ ਕੰਪੋਨੈਂਟਸ ਦਾ ਨਿਰਮਾਣ ਕਰਦਾ ਹੈ। ਇਹ ਨਿਵੇਸ਼ ਗਲੋਬਲ ਵੈਲਿਊ ਚੇਨ `ਚ ਪੰਜਾਬ ਦੀ ਮਜ਼ਬੂਤ ਹੋ ਰਹੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ ।










