ਸਾਈਬਰ ਅਪਰਾਧ `ਤੇ ਕਸੇ ਗਏ ਸਿ਼ਕੰਜੇ ਤਹਿਤ 55 ਸਾਈਬਰ ਠੱਗ ਗ੍ਰਿਫ਼ਤਾਰ

ਨਵੀਂ ਦਿੱਲੀ, 5 ਫਰਵਰੀ 2026 : ਇੱਥੋਂ ਦੀ ਪੱਛਮੀ (ਵੈਸਟ) ਜਿ਼ਲਾ ਪੁਲਸ ਨੇ ਸਾਈਬਰ ਫਰਾਡ (Cyber ​​fraud) `ਤੇ ਸਿ਼ਕੰਜਾ ਕੱਸਦੇ ਹੋਏ 8 ਸੂਬਿਆਂ ਵਿਚ ਛਾਪੇਮਾਰੀ ਕਰ ਕੇ 55 ਸਾਈਬਰ ਠੱਗਾਂ (Cyber ​​thugs) ਨੂੰ ਗ੍ਰਿਫ਼ਤਾਰ ਕੀਤਾ ਹੈ ।

ਇਕ ਮਹੀਨੇ `ਚ 4.84 ਕਰੋੜ ਦੀ ਧੋਖਾਦੇਹੀ ਦਾ ਖੁਲਾਸਾ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ 20 ਮਾਮਲੇ ਸੁਲਝਾਏ ਗਏ ਹਨ । ਜਨਵਰੀ ਮਹੀਨੇ `ਚ ਕੀਤੀ ਗਈ ਇਸ ਕਾਰਵਾਈ `ਚ 4.84 ਕਰੋੜ ਰੁਪਏ ਦੀ ਧੋਖਾਦੇਹੀ ਦਾ ਪਤਾ ਲੱਗਾ ਹੈ। ਅਦਾਲਤ ਦੇ ਹੁਕਮਾਂ `ਤੇ ਪੁਲਸ ਨੇ 39 ਲੱਖ ਰੁਪਏ ਪੀੜਤਾਂ ਨੂੰ ਵਾਪਸ ਕਰ ਦਿੱਤੇ ਹਨ ।

ਡੀ. ਸੀ. ਪੀ. (ਵੈਸਟ) ਦਰਾੜੇ ਸ਼ਰਦ ਭਾਸਕਰ ਨੇ ਕੀ ਦੱਸਿਆ

ਵੈਸਟ ਡੀ. ਸੀ. ਪੀ. ਦਰਾੜੇ ਸ਼ਰਦ ਭਾਸਕਰ ਨੇ ਦੱਸਿਆ ਕਿ ਜਨਵਰੀ ਮਹੀਨੇ ਵਿਚ ਸਾਈਬਰ ਥਾਣਾ ਪੁਲਸ (Cyber ​​police station) ਨੇ ਸਾਈਬਰ ਅਪਰਾਧ ਨਾਲ ਸਬੰਧਤ ਸਿ਼ਕਾਇਤਾਂ `ਤੇ ਕਾਰਵਾਈ ਕਰਦਿਆਂ ਤਾਮਿਲਨਾਡੂ, ਮਹਾਰਾਸ਼ਟਰ, ਝਾਰਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਛਾਪੇਮਾਰੀ ਕਰ ਕੇ ਸਾਈਬਰ ਠੱਗੀ ਦੇ ਸਿੰਡੀਕੇਟ (Cyber ​​fraud syndicate) ਨਾਲ ਜੁੜੇ 55 ਲੋਕਾਂ ਨੂੰ ਕਾਬੂ ਕੀਤਾ । ਇਸ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 125 ਮੋਬਾਈਲ ਫ਼ੋਨ, 450 ਸਿਮ ਕਾਰਡ, 50 ਤੋਂ ਵੱਧ ਏ. ਟੀ. ਐੱਮ./ਡੈਬਿਟ ਕਾਰਡ, ਚੈੱਕ ਬੁੱਕਾਂ ਅਤੇ 4 ਲੱਖ ਦੀ ਨਕਦੀ ਸਮੇਤ ਇਕ ਵਾਹਨ ਵੀ ਜ਼ਬਤ ਕੀਤਾ ਗਿਆ ਹੈ ।