ਮਿਲਕਫੈੱਡ ਵੱਲੋਂ ਲੁਧਿਆਣਾ ਦੇ ਜਨਰਲ ਮੈਨੇਜਰ ਸਸਪੈਂਡ

ਚੰਡੀਗੜ੍ਹ, 27 ਮਾਰਚ 2026 : ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਿਟੇਡ (Punjab State Cooperative Milk Producers Federation Limited) ਵੱਲੋਂ ਲੁਧਿਆਣਾ ਮਿਲਕ ਯੂਨੀਅਨ ਦੇ ਜਨਰਲ ਮੈਨੇਜਰ ਨੂੰ ਸਸਪੈਂਡ (Suspend) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਿਟੇਡ ਵੱਲੋਂ ਲੁਧਿਆਣਾ ਮਿਲਕ ਯੂਨੀਅਨ ਦੇ ਜਨਰਲ ਮੈਨੇਜਰ (General Manager) ਨੂੰ ਸਸਪੈਂਡ ਕੀਤਾ ਗਿਆ ਹੈ ਦਾ ਨਾਮ ਦਲਜੀਤ ਸਿੰਘ ਹੈ ।

ਕਿਸ ਕਾਰਨ ਕੀਤਾ ਗਿਆ ਹੈ ਸਸਪੈਂਡ

ਜਾਣਕਾਰੀ ਅਨੁਸਾਰ ਭਾਰਤੀ ਫੌਜ ਵੱਲੋਂ ਮਿਲਕ ਯੂਨੀਅਨ ਲੁਧਿਆਣਾ ਦੁਆਰਾ ਭੇਜੇ ਗਏ ਦੁੱਧ ਪਾਉਡਰ ਦੇ ਦੋ ਕਨਸਾਈਨਮੈਂਟ (58.338 ਮੈਟ੍ਰਿਕ ਟਨ ਅਤੇ 66.654 ਮੈਟ੍ਰਿਕ ਟਨ) ਨੂੰ ਰੱਦ ਕਰ ਦਿੱਤਾ ਗਿਆ ਸੀ । ਫੌਜ ਨੇ ਇਹ ਕਦਮ ਸੈਂਪਲਾਂ ਵਿੱਚ ਬਾਹਰੀ ਮਾਦਾ ਮਿਲਣ ਕਾਰਨ ਚੁੱਕਿਆ। ਇਸ ਸਬੰਧੀ ਜਾਣਕਾਰੀ 12 ਫਰਵਰੀ 2026 ਅਤੇ 16 ਮਾਰਚ 2026 ਨੂੰ ਮਿਲਕ ਯੂਨੀਅਨ ਨੂੰ ਭੇਜੇ ਗਏ ਪੱਤਰਾਂ ਰਾਹੀਂ ਦਿੱਤੀ ਗਈ ਸੀ ।

ਘਟਨਾ ਨੇ ਸੰਗਠਨ ਦੀ ਭਰੋਸੇਯੋਗਤਾ ਨੂੰ ਪਹੁੰਚਾਇਆ ਹੈ ਨੁਕਸਾਨ

ਮਿਲਕਫੈੱਡ ਪ੍ਰਬੰਧਨ (Milkfed Management) ਨੇ ਇਸ ਮਾਮਲੇ ਨੂੰ ਗੰਭੀਰ ਲਾਪਰਵਾਹੀ ਮੰਨਿਆ ਹੈ । ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸੰਗਠਨ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸਨੂੰ “ਮੇਜਰ ਮਿਸਕੰਡਕਟ” ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ । ਇਸ ਮਾਮਲੇ ਵਿੱਚ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰਨ ਦੇ ਮੱਦੇਨਜ਼ਰ ਐਸ. ਦਲਜੀਤ ਸਿੰਘ ਨੂੰ ਰੂਲ 62.1 ਅਧੀਨ ਸਸਪੈਂਡ ਕੀਤਾ ਗਿਆ ਹੈ । ਸਸਪੈਂਸ਼ਨ ਦੌਰਾਨ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਭੱਤਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਨਿਰਧਾਰਤ ਕੀਤਾ ਗਿਆ ਹੈ ।

ਐਮ. ਡੀ. ਗੁਪਤਾ ਨੇ ਹੁਕਮਾਂ ਵਿਚ ਕੀ ਆਖਿਆ

ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ (Managing Director) ਰਾਹੁਲ ਗੁਪਤਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਕਾਰਵਾਈ ਨਾਲ ਦੁੱਧ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਸਖ਼ਤੀ ਦੇ ਸੰਕੇਤ ਮਿਲ ਰਹੇ ਹਨ ।