ਮੌਸਮ ਵਿਭਾਗ ਨੇ ਕੀਤਾ ਤਿੰਨ ਦਿਨਾਂ ਲਈ ਮੌਸਮ ਸਬੰਧੀ ਯੈਲੋ ਐਲਰਟ ਜਾਰੀ

ਚੰਡੀਗੜ੍ਹ, 28 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇੇ ਮੌਸਮ ਵਿਭਾਗ (Meteorological Department) ਵਲੋਂ ਤਿੰਨ ਦਿਨਾਂ ਲਈ ਮੌਸਮ ਸਬੰਧੀ ਯੈਲੋ ਐਲਰਟ (Yellow Alert) ਜਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਦੱਸਿਆ ਮੌਸਮ ਵਿਭਾਗ ਨੇ

ਪੰਜਾਬ ਅਤੇ ਚੰਡੀਗੜ੍ਹ ‘ਚ ਅੱਜ ਤੋਂ ਮੌਸਮ ‘ਚ ਛੇਤੀ ਹੀ ਤਬਦੀਲੀ ਆਉਣ ਵਾਲੀ ਹੈ। ਮੌਸਮ ਵਿਭਾਗ ਨੇ ਤਿੰਨ ਦਿਨਾਂ ਲਈ ਮੌਸਮ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ‘ਚ ਗਰਜ-ਤੂਫਾਨ ਅਤੇ ਬਿਜਲੀ ਦੇ ਨਾਲ ਤੇਜ਼ ਹਵਾਵਾਂ (Strong winds) ਚੱਲਣਗੀਆਂ । ਇਸ ਸਮੇਂ ਦੌਰਾਨ ਹਵਾ ਦੀ ਗਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਵੇਗੀ । ਪਿਛਲੇ 24 ਘੰਟਿਆਂ ‘ਚ ਤਾਪਮਾਨ 1.1 ਡਿਗਰੀ ਘੱਟ ਗਿਆ ਹੈ, ਜੋ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ‘ਚ ਸਭ ਤੋਂ ਵੱਧ ਤਾਪਮਾਨ 31.1 ਡਿਗਰੀ ਦਰਜ ਕੀਤਾ ਗਿਆ ।

ਕੁੱਝ ਥਾਵਾਂ ਤੇ ਹੈ ਹਲਕਾ ਹਲਕਾ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਮੁਤਾਬਕ ਅੱਜ ਕਰੀਬ ਸਾਰੇ ਜਿ਼ਲ੍ਹਿਆਂ ‘ਚ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ । ਪੰਜਾਬ ਦੇ 10 ਜ਼ਿਲ੍ਹਿਆਂ ‘ਚ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦੇ ਨਾਲ ਗਰਜ-ਤੂਫਾਨ ਆਉਣ ਦੀ ਸੰਭਾਵਨਾ ਹੈ । ਇਨ੍ਹਾਂ ਜਿਲ੍ਹਿਆਂ ‘ਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਸ਼ਾਮਲ ਹਨ ।

ਕੀ ਦੱਸਿਆ ਮੌਸਮ ਵਿਭਾਗ ਦੇ ਡਾਇਰੈਕਟਰ ਨੇ

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜ ਇਸ ਸਮੇਂ ਉੱਪਰਲੀ ਹਵਾ ‘ਚ ਇੱਕ ਟ੍ਰੈਫ਼ (ਘੱਟ-ਦਬਾਅ ਰੇਖਾ) ਦੇ ਰੂਪ ‘ਚ ਬਣੀ ਹੋਈ ਹੈ । ਮੌਸਮ ਵਿਭਾਗ ਦੇ ਡਾਇਰੈਕਟਰ (Director of Meteorological Department) ਸੁਰੇਂਦਰ ਪਾਲ ਦੇ ਮੁਤਾਬਕ, 28 ਤੋਂ 31 ਤਰੀਕ ਤੱਕ ਸੂਬੇ ‘ਚ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ 29 ਅਤੇ 30 ਮਾਰਚ ਨੂੰ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ । ਅਗਲੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ‘ਚ 2 ਤੋਂ 4 ਡਿਗਰੀ ਦੀ ਗਿਰਾਵਟ ਆਉਣ ਦੀ ਉਮੀਦ ਹੈ । ਇਸ ਤੋਂ ਬਾਅਦ ਅਗਲੇ ਦੋ ਦਿਨਾਂ ‘ਚ 2 ਤੋਂ 4 ਡਿਗਰੀ ਵਾਧਾ ਹੋਵੇਗਾ । ਫਿਰ ਅਗਲੇ ਦੋ ਦਿਨਾਂ ‘ਚ ਤਾਪਮਾਨ (Temperature) ‘ਚ 3 ਤੋਂ 5 ਡਿਗਰੀ ਦੀ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਤੋਂ ਬਾਅਦ 2 ਤੋਂ 4 ਡਿਗਰੀ ਹੋਰ ਵਾਧਾ ਹੋਵੇਗਾ ।