ਗੋਲੀਬਾਰੀ ਅਤੇ ਜਬਰਨ ਵਸੂਲੀ ਦੇ ਮਾਮਲੇ ’ਚ ਕੈਨੈਡਾ ਵਿਖੇ ਦੋ ਪੰਜਾਬੀ ਗ੍ਰਿਫ਼ਤਾਰ

ਸਰੀ, 14 ਮਈ 2026 : ਕੈਨੇਡਾ (Canada) ਵਿਖੇ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗੋਲੀਬਾਰੀ ਅਤੇ ਜਬਰਨ ਵਸੂਲੀ (Shooting and extortion) ਕਰਨ ਦੇ ਮਾਮਲਿਆਂ ਵਿਚ ਗ੍ਰਿਫਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਨ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਰਹਿ ਰਹੇ ਜਿਨ੍ਹਾਂ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਸਰੀ ਪੁਲਸ (Surrey Police) ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਵਿਚੋਂ ਇਕ ਦਾ ਨਾਮ ਦਮਨਜੀਤ ਸਿੰਘ ਅਤੇ ਦੂਸਰੇ ਦਾ ਨਾਮ ਪਰਦਮਨ ਸਿੰਘ ਹੈ । ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ’ਤੇ ਗੋਲੀਬਾਰੀ ਅਤੇ ਜਬਰਨ ਵਸੂਲੀ ਕਰਨ ਦੇ ਇਲਜ਼ਾਮ ਹਨ ।

ਦੋਹਾਂ ਨੂੰ ਹਾਲ ਦੀ ਘੜੀ ਭੇਜ ਦਿੱਤਾ ਗਿਆ ਹੈ ਹਿਰਾਸਤ ਵਿਚ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦਮਨਜੀਤ ਸਿੰਘ (Damanjit Singh) ਨੂੰ 19 ਮਈ 2026 ਨੂੰ ਅਤੇ ਪਰਦਮਨ ਸਿੰਘ (Pardaman Singh) ਨੂੰ 1 ਜੂਨ-2026 ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ । 30 ਸਾਲਾ ਪਰਦਮਨ ਸਿੰਘ ਵੀ ਇਨ੍ਹਾਂ ਹੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੋਵਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ । 22 ਸਾਲਾ ਦਮਨਜੀਤ ਸਿੰਘ `ਤੇ ਗੋਲੀ ਚਲਾਉਣ ਅਤੇ ਬਿਨਾਂ ਲਾਇਸੈਂਸ ਦੇ ਪ੍ਰਤਿਬੰਧਿਤ ਜਾਂ ਵਰਜਿਤ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ ।

ਕੀ ਜਾਣਕਾਰੀ ਸਾਂਝੀ ਕੀਤੀ ਸਰੀ ਪੁਲਸ ਨੇ

ਸਰੀ ਪੁਲਸ ਸਰਵਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 22 ਅਪ੍ਰੈਲ ਨੂੰ ਰਾਤ ਕਰੀਬ 12 : 40 ਵਜੇ ਵਾਪਰੀ, ਜਦੋਂ ਐੱਸ. ਪੀ. ਐੱਸ. ਫਰੰਟਲਾਈਨ ਅਧਿਕਾਰੀਆਂ ਨੇ 13400 ਬਲਾਕ 87-ਏ ਐਵੇਨਿਊ ਵਿੱਚ ਇੱਕ ਘਰ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ । ਪੁਲਸ ਨੇ ਰਿਹਾਇਸ਼ ਅਤੇ ਇੱਕ ਵਾਹਨ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ । ਐਕਸਟੌਰਸ਼ਨ ਰਿਸਪਾਂਸ ਟੀਮ ਨੇ ਜਾਂਚ ਦਾ ਜਿ਼ੰਮਾ ਸੰਭਾਲਿਆ, ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਅਤੇ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਹੋਰ ਐਸ. ਪੀ. ਐਸ. ਯੂਨਿਟਾਂ ਦੇ ਸਹਿਯੋਗ ਨਾਲ ਇੱਕ ਸਰੀ ਰਿਹਾਇਸ਼ `ਤੇ ਤਲਾਸ਼ੀ ਵਾਰੰਟ ਲਾਗੂ ਕੀਤਾ ।

ਤਸਵੀਰਾਂ ਜਾਰੀ ਕਰਕੇ ਕੀਤੀ ਗਈ ਹੈ ਜਾਂਚ ਵਿਚ ਸਹਿਯੋਗ ਦੀ ਮੰਗ

ਪੁਲਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਚੱਲ ਰਹੀ ਜਾਂਚ ਵਿੱਚ ਸਹਾਇਤਾ ਲਈ ਖੁਲਾਸਾ ਕਰਨਾ ਜ਼ਰੂਰੀ ਹੈ ਅਤੇ ਗਵਾਹਾਂ, ਪੀੜਤਾਂ ਜਾਂ ਸਾਥੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਿੰਸਕ ਜਬਰਨ ਉਗਰਾਹੀ ਨਾਲ ਜੁੜੇ ਅਪਰਾਧਿਕ ਨੈੱਟਵਰਕਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਮਿਲ ਸਕੇ ।