ਪਟਨਾ ਯੂਨੀਵਰਸਿਟੀ ਵਿਚ ਪੁਲਸ ਨੇ ਕੀਤੇ ਦੋ ਸੂਤਲੀ ਬੰਬ ਬਰਾਮਦ

ਪਟਨਾ, 19 ਮਈ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੀ ਰਾਜਧਾਨੀ ਪਟਨਾ ਵਿਖੇ ਬਣੀ ਯੂਨੀਵਰਸਿਟੀ ਵਿਚ ਬੀਤੀ ਰਾਤ ਪੁਲਸ ਵਲੋਂ ਦੋ ਜਿੰਦਾ ਸੂਤਲੀ ਬੰਬ (Twine bomb) ਬਰਾਮਦ ਕੀਤੇ ਗਏ ਹਨ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੀ ਰਾਜਧਾਨੀ ਪਟਨਾ ਸਥਿਤ ਪਟਨਾ ਯੂਨੀਵਰਸਿਟੀ (Patna University) ਵਿੱਚ ਸੋਮਵਾਰ ਦੇਰ ਰਾਤ ਪੁਲਸ ਦੀ ਚੌਕਸੀ ਕਾਰਨ ਇੱਕ ਵੱਡੀ ਘਟਨਾ ਟਲ ਗਈ ਜਦੋਂ ਯੂਨੀਵਰਸਿਟੀ ਦੇ ਚਰਚਿਤ ਇਕਬਾਲ ਹੋਸਟਲ ਵਿੱਚੋਂ ਪੁਲਸ ਨੇ ਦੋ ਜਿ਼ੰਦਾ ਸੂਤਲੀ ਬੰਬ ਬਰਾਮਦ ਕੀਤੇ ਹਨ । ਸਮਾਂ ਰਹਿੰਦੇ ਕਾਰਵਾਈ ਕਰਦੇ ਹੋਏ ਬੰਬ ਸਕੁਐਡ ਨੇ ਦੋਵਾਂ ਬੰਬਾਂ ਨੂੰ ਸੁਰੱਖਿਅਤ ਤਰੀਕੇ ਨਾਲ ਡਿਫਿਊਜ਼ ਕਰ ਦਿੱਤਾ ।

ਪੁਲਸ ਨੇ ਅਣਪਛਾਤਿਆਂ ਕਰ ਲਿਆ ਹੈ ਕੇਸ ਦਰਜ

ਘਟਨਾ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਹੜਕੰਪ ਮਚ ਗਿਆ । ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਹਾਰ ਪੁਲਸ (Bihar Police) ਨੇ ਪੀਰਬਹੋਰ ਥਾਣੇ ਵਿੱਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਬੰਬ ਕਿਸਨੇ ਅਤੇ ਕਿਸ ਮਕਸਦ ਨਾਲ ਹੋਸਟਲ ਵਿੱਚ ਛੁਪਾ ਕੇ ਰੱਖੇ ਸਨ ।

ਪੁਲਸ ਨੂੰ ਮਿਲੀ ਸੀ ਗੁਪਤ ਸੂਚਨਾ

ਜਾਣਕਾਰੀ ਅਨੁਸਾਰ ਪੀਰਬਹੋਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਗੁੱਟਾਂ ਵਿਚਕਾਰ ਤਣਾਅ ਵਧ ਗਿਆ ਹੈ ਅਤੇ ਆਪਸੀ ਦੁਸ਼ਮਣੀ ਵਿੱਚ ਹਿੰਸਕ ਝੜਪ ਜਾਂ ਬੰਬਬਾਜ਼ੀ ਦੀ ਘਟਨਾ ਹੋ ਸਕਦੀ ਹੈ । ਸੂਚਨਾ ਮਿਲਦੇ ਹੀ ਪੁਲਿਸ ਟੀਮ ਅਲਰਟ ਮੋਡ `ਤੇ ਆ ਗਈ ਅਤੇ ਦੇਰ ਰਾਤ ਇਕਬਾਲ ਹੋਸਟਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ । ਜਾਂਚ ਦੌਰਾਨ ਹੋਸਟਲ ਦੀ ਰਿਹਾਇਸ਼ੀ ਇਮਾਰਤ ਦੇ ਪਿੱਛੇ ਸਥਿਤ ਇੱਕ ਪੁਰਾਣੀ ਇਮਾਰਤ ਵਿੱਚੋਂ ਪਲਾਸਟਿਕ ਵਿੱਚ ਲਪੇਟ ਕੇ ਛੁਪਾਏ ਗਏ ਦੋ ਜਿ਼ੰਦਾ ਸੁਤਲੀ ਬੰਬ ਮਿਲੇ ।

ਪੁਲਸ ਨੇ ਵੱਖ-ਵੱਖ ਹੋਸਟਲਾਂ ਦੀ ਲਈ ਤਲਾਸ਼ੀ

ਇਸ ਘਟਨਾ ਤੋਂ ਬਾਅਦ ਟਾਊਨ ਡੀ. ਐਸ. ਪੀ.-1 ਰਾਜੇਸ਼ ਰੰਜਨ ਦੀ ਅਗਵਾਈ ਵਿੱਚ ਪੁਲਿਸ ਨੇ ਯੂਨੀਵਰਸਿਟੀ ਦੇ ਹੋਰ ਹੋਸਟਲਾਂ ਜੈਕਸਨ, ਕੈਵੇਂਡਿਸ਼, ਮਿੰਟੋ ਅਤੇ ਨਦਵੀ ਹੋਸਟਲ ਵਿੱਚ ਵੀ ਤਲਾਸ਼ੀ ਲਈ। ਹਾਲਾਂਕਿ ਹੋਰ ਥਾਵਾਂ ਤੋਂ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ । ਪੁਲਸ ਨੇ ਸਾਵਧਾਨੀ ਵਜੋਂ ਕੈਂਪਸ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ।