ਅੰਮ੍ਰਿਤਸਰ, 22 ਮਈ 2026 : ਪੰਜਾਬ ਦੇ ਅੰਮ੍ਰਿਤਸਰ ਵਿਖੇ ਬਣੇ ਭਾਰਤ-ਪਾਕਿਸਤਾਨ ਬਾਰਡਰ (India-Pakistan border) ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਤੇ ਦੋ ਪਾਕਿਸਤਾਨੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਮੁਤਾਬਕ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀ. ਐਸ. ਐਫ. (B. S. F.) ਦੇ ਜਵਾਨਾਂ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਖੇਤਰ ਵਿੱਚ ਦਾਖਲ ਹੋਏ ਦੋ ਪਾਕਿਸਤਾਨੀ ਨਾਗਰਿਕਾਂ (Pakistani citizens) ਨੂੰ ਕਾਬੂ ਕੀਤਾ ਗਿਆ ਹੈ । ਅਧਿਕਾਰੀਆਂ ਮੁਤਾਬਕ ਦੋਵਾਂ ਕੋਲੋਂ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ । ਇਸ ਮਾਮਲੇ ਸਬੰਧੀ ਸੁਰੱਖਿਆ ਏਜੰਸੀਆਂ ਵੱਲੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕਾਂ ਦੀ ਪਛਾਣ ਮੁਹੰਮਦ ਸਲੀਮ ਪੁੱਤਰ ਨਜ਼ੀਰ ਅਹਿਮਦ (60 ਸਾਲ) ਵਾਸੀ ਨਾਸਟਰ ਕਾਲੋਨੀ, ਫਿਰੋਜ਼ਪੁਰ ਰੋਡ, ਲਾਹੌਰ ਅਤੇ ਆਮੀਰ ਨਵਾਜ਼ ਪੁੱਤਰ ਮੁਹੰਮਦ ਨਵਾਜ਼ (40 ਸਾਲ) ਵਾਸੀ ਜਸਹੀਨ ਟਾਊਨ, ਗੱਜੀ ਰੋਡ, ਲਾਹੌਰ ਵਜੋਂ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਵਿਅਕਤੀ ਪਾਕਿਸਤਾਨ ਦੇ ਕਸੂਰ ਇਲਾਕੇ ਵਿੱਚ ਵੱਖ-ਵੱਖ ਦੁਕਾਨਾਂ ’ਤੇ ਸਮਾਨ ਸਪਲਾਈ ਕਰਨ ਦਾ ਕੰਮ ਕਰਦੇ ਸਨ। ਇਸ ਦੌਰਾਨ ਉਹ ਆਪਣੀ ਨਿੱਜੀ ਗੱਡੀ ’ਚ ਸਰਹੱਦ ਪਾਰ ਕਰਦੇ ਹੋਏ ਭਾਰਤੀ ਖੇਤਰ ਵਿੱਚ ਦਾਖਲ ਹੋ ਗਏ, ਜਿੱਥੇ ਬੀ. ਐਸ. ਐਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ।
ਕੀ ਆਖਿਆ ਬੀ. ਐਸ. ਐਫ. ਅਧਿਕਾਰੀਆਂ ਨੇ
ਬਾਰਡਰ ਤੇ ਤਾਇਨਾਤ ਬੀ. ਐਸ. ਐਫ. ਅਧਿਕਾਰੀਆਂ ਨੇ ਇਸ ਸਬੰਧੀ ਜੀਰੋ ਲਾਈਨ ’ਤੇ ਪਾਕਿਸਤਾਨੀ ਰੇਂਜਰਜ਼ ਨੂੰ ਵੀ ਸੂਚਿਤ ਕਰ ਦਿੱਤਾ ਹੈ । ਫਿਲਹਾਲ ਅੰਮ੍ਰਿਤਸਰ ਸੈਕਟਰ ਵਿੱਚ ਬੀ. ਐਸ. ਐਫ. ਦੇ ਅਧਿਕਾਰੀ ਦੋਵਾਂ ਵਿਅਕਤੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੇ ਹਨ । ਜਾਂਚ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਦੋਵੇਂ ਵਿਅਕਤੀ ਅਣਜਾਣੇ ਵਿੱਚ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਏ ਸਨ ਜਾਂ ਇਸ ਦੇ ਪਿੱਛੇ ਕੋਈ ਹੋਰ ਮਕਸਦ ਸੀ ।








