ਢਾਕਾ, 25 ਮਈ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿਖੇ ਇਕ ਟਰੱਕ ਦੇ ਪਲਟ ਜਾਣ ਕਾਰਨ ਘੱਟੋ-ਘੱਟ 15 ਵਿਅਕਤੀਆਂ ਦੇ ਸੜਕ ਹਾਦਸੇ (Road accidents) ਵਿਚ ਮਾਰੇ ਜਾਣ ਦਾ ਸਮਾਚਾਰ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਮੱਧ ਬੰਗਲਾਦੇਸ਼ ਦੇ ਇੱਕ ਮੁੱਖ ਹਾਈਵੇਅ `ਤੇ ਸੋਮਵਾਰ ਤੜਕੇ ਜੋ ਇੱਕ ਟਰੱਕ ਪਲਟ ਗਿਆ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ (Death) ਹੋ ਗਈ ਅਤੇ 10 ਹੋਰ ਜ਼ਖਮੀ (Injured) ਹੋ ਗਏ । ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ ।
ਕੀ ਦੱਸਿਆ ਫਾਇਰ ਸਟੇਸ਼ਨ ਇੰਚਾਰਜ ਨੇ
ਸਥਾਨਕ ਫਾਇਰ ਸਟੇਸ਼ਨ ਦੇ ਇੰਚਾਰਜ ਅਤਾਉਰ ਰਹਿਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਪਰੋਕਤ ਸੜਕ ਹਾਦਸਾ ਯਮੁਨਾ ਪੁਲ ਦੇ ਪੂਰਬੀ ਹਿੱਸੇ ਵਿੱਚ ਵਾਪਰਿਆ, ਜੋ ਉੱਤਰ-ਪੱਛਮੀ ਬੰਗਲਾਦੇਸ਼ ਨੂੰ ਮੱਧ ਹਿੱਸੇ ਨਾਲ ਜੋੜਦਾ ਹੈ । ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਦੀ ਮਦਦ ਨਾਲ 10 ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਸਿਹਤ ਕੇਂਦਰ ਲਿਜਾਇਆ ਗਿਆ ।
ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ
ਸਥਾਨਕ ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਵਿਚ ਸਾਹਮਣੇ ਆਇਆ ਹੈ ਕਿ ਟਰੱਕ ਵਿੱਚ ਲੋਹੇ ਦੇ ਸਰੀਏ ਦੇ ਨਾਲ-ਨਾਲ ਕੁਝ ਸਵਾਰੀਆਂ ਵੀ ਬੈਠੀਆਂ ਸਨ ਤੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਮੱਧ ਬੰਗਲਾਦੇਸ਼ ਦੇ ਤੰਗੈਲ ਜਿ਼ਲ੍ਹੇ ਦੇ ਕਾਲੀਹਾਤੀ ਉਪ-ਜਿਲ੍ਹੇ ਵਿੱਚ ਪਲਟ ਗਿਆ । ਤੰਗੈਲ ਦੀ ਵਧੀਕ ਪੁਲਸ ਸੁਪਰਡੈਂਟ ਫੌਜੀਆ ਹਬੀਬ ਖਾਨ ਨੇ ਦੱਸਿਆ ਕਿ ਲਾਰੀ ਜਾਂ ਟਰੱਕ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਚਟਗਾਓਂ ਤੋਂ ਉੱਤਰ-ਪੱਛਮੀ ਖੇਤਰ ਵੱਲ ਜਾ ਰਿਹਾ ਸੀ ਅਤੇ ਈਦ-ਉਲ-ਅਜ਼ਹਾ ਦੇ ਮੌਕੇ `ਤੇ ਛੁੱਟੀਆਂ ਮਨਾਉਣ ਜਾ ਰਹੇ ਲੋਕ ਇਸ `ਤੇ ਸਵਾਰ ਹੋਏ ਹੋਣਗੇ ।








