ਲੁਧਿਆਣਾ, 28 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬੀਤੇ ਦਿਨੀਂ ਦੋਸਤਾਂ ਨੇ ਹੀ ਦੋਸਤ ਦਾ ਸ਼ਰਾਬ ਦੀ ਤਲਬ ਦੇ ਚਲਦਿਆਂ ਸਿਰ ਵਿਚ ਪੱਥਰ ਮਾਰ ਕੇ ਕਤਲ (Murder) ਕਰ ਦਿੱਤਾ ਹੈ ।
ਘਟਨਾ ਸੀ. ਸੀ. ਟੀ. ਵੀ. ਕੈਮਰੇ `ਚ ਕੈਦ ਹੋਣ ਤੇ 2 ਦੋਸਤ ਗ੍ਰਿਫ਼ਤਾਰ
ਮਿਲੀ ਜਾਣਕਾਰੀ ਮੁਤਾਬਕ ਸ਼ਰਾਬ ਦੀ ਤਲਬ (Alcohol craving) ਵਿਚ 2 ਦੋਸਤਾਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੇ ਸ਼ਰਾਬ ਖਰੀਦਣ ਲਈ ਪੈਸੇ ਨਾ ਹੋਣ `ਤੇ ਠੇਕੇ ਦੇ ਬਾਹਰ ਬੈਠੇ ਨੌਜਵਾਨ ਨੂੰ ਲੁੱਟ ਦੀ ਨੀਅਤ ਨਾਲ ਚੁੱਕ ਕੇ ਲੈ ਗਏ । ਵਿਰੋਧ ਕਰਨ `ਤੇ ਮੁਲਜ਼ਮਾਂ ਨੇ ਪੱਥਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪਛਾਣ ਨਾ ਹੋਵੇ, ਇਸ ਲਈ ਚਿਹਰਾ ਬੁਰੀ ਤਰ੍ਹਾਂ ਕੁਚਲ ਦਿੱਤਾ । ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਮਦਦ ਨਾਲ ਡਵੀਜ਼ਨ ਨੰ. 6 ਦੀ ਪੁਲਸ ਨੇ ਦੋਵੇਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ । ਮ੍ਰਿਤਕ ਦੀ ਪਛਾਣ ਨਵਾਂਸ਼ਹਿਰ ਦੇ ਰਹਿਣ ਵਾਲੇ ਬ੍ਰਿਜ ਲਾਲ ਵਜੋਂ ਹੋਈ ਹੈ ।
ਕੌਣ ਕੌਣ ਹਨ ਦੋਵੇਂ ਮੁਲਜਮ
ਐੱਸ. ਆਈ. ਰਜਿੰਦਰਪਾਲ ਮੁਤਾਬਕ ਮੁਲਜ਼ਮਾਂ ਦੀ ਪਛਾਣ ਸੰਦੀਪ ਸ੍ਰੀਵਾਸਤਵ ਤੇ ਇਸ਼ਾਕ ਅਲੀ ਵਜੋਂ ਹੋਈ । ਦੋਵੇਂ ਮੂਲ ਤੌਰ `ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਇਕੱਠੇ ਫੈਕਟਰੀ ਵਿਚ ਕੰਮ ਕਰਦੇ ਹਨ । 26 ਮਈ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਟ੍ਰਾਂਸਪੋਰਟ ਨਗਰ ਕੋਲ ਖਾਲੀ ਪਲਾਟ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੋਈ ਹੈ, ਜਿਸ ਦੇ ਚੇਹਰੇ ਨੂੰ ਬੁਰੀ ਤਰ੍ਹਾਂ ਕੁਚਲਿਆ ਹੋਇਆ ਹੈ ।
ਲਾਸ਼ ਕਬਜੇ ਵਿਚ ਲੈ ਕੇ ਮੁਰਦਾਘਰ ਵਿਚ ਰੱਖਵਾ ਦਿੱਤੀ ਗਈ
ਪੁਲਸ ਨੇ ਲਾਸ਼ (Corpse) ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਤੇ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਦੇ ਹੱਥ ਇਕ ਫੁਟੇਜ ਲੱਗੀ, ਜਿਸ ਵਿਚ ਦੋਵੇਂ ਕਾਤਲ ਬ੍ਰਿਜ ਲਾਲ ਨਾਲ ਦਿਖਾਈ ਦਿੱਤੇ । ਇਸ ਤੋਂ ਬਾਅਦ ਪੁਲਸ ਨੇ ਜਾਂਚ ਅੱਗੇ ਵਧਾਉਂਦਿਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ । ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਸ਼ਰਾਬ ਪੀਣਾ ਚਾਹੁੰਦੇ ਸਨ ਪਰ ਸ਼ਰਾਬ ਲਈ ਪੈਸੇ ਨਾ ਹੋਣ ਕਾਰਨ ਉਨ੍ਹਾਂ ਵਾਰਦਾਤ ਦਾ ਮਨ ਬਣਾਇਆ ।
ਪੁਲਸ ਕਰ ਰਹੀ ਹੈ ਰਿਮਾਂਡ ਹਾਸਲ ਕਰਕੇ ਦੋਹਾਂ ਤੋਂ ਪੁੱਛਗਿੱਛ
ਇਸ ਤੋਂ ਬਾਅਦ ਉਨ੍ਹਾਂ ਨੂੰ ਠੇਕੇ ਦੇ ਬਾਹਰ ਬ੍ਰਿਜ ਲਾਲ ਬੈਠਾ ਦਿਖਾਈ ਦਿੱਤਾ, ਜੋ ਸ਼ਰਾਬ ਦੇ ਨਸ਼ੇ ਵਿਚ ਟੱਲੀ ਸੀ । ਦੋਵਾਂ ਨੇ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਯੋਜਨਾ ਬਣਾਈ ਤੇ ਸਹਾਰਾ ਦੇਣ ਦੇ ਬਹਾਨੇ ਉਸ ਨੂੰ ਚੁੱਕ ਕੇ ਸੁੰਨਸਾਨ ਪਲਾਟ ਵਿਚ ਲੈ ਗਏ, ਜਿਥੇ ਉਸ ਦੀ ਜੇਬ ਵਿਚੋਂ ਪੈਸੇ ਕੱਢਣ ਲੱਗੇ । ਵਿਰੋਧ ਕਰਨ `ਤੇ ਦੋਵਾਂ ਨੇ ਬ੍ਰਿਜ ਲਾਲ ਦਾ ਕਤਲ ਕਰ ਦਿੱਤਾ । ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਦੋਵਾਂ ਕੋਲੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ।








