ਚੰਡੀਗੜ੍ਹ, 21 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਇਕ ਏ. ਐਸ. ਆਈ. ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹੈ ਇਹ ਏ. ਐਸ. ਆਈ.
ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ (Vigilance) ਬਿਊਰੋ ਵਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਕਰਦਿਆਂ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਜਿਸ ਏ. ਐਸ. ਆਈ. ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਜਗਜੀਵਨ ਸਿੰਘ ਦੇ ਤੌਰ ‘ਤੇ ਹੋਈ ਹੈ । ਵਿਜੀਲੈਂਸ ਵਲੋਂ ਉਸਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ । ਦੱਸਣਯੋਗ ਹੈ ਕਿ ਏ. ਐਸ. ਆਈ. ਜਗਜੀਵਨ ਸਿੰਘ ਕੂਮਕਲਾਂ ਪੁਲਸ ਥਾਣਾ ਲੁਧਿਆਣਾ ਵਿਖੇ ਤਾਇਨਾਤ ਹਨ ।
ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ
ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਪੁਲਸ ਅਧਿਕਾਰੀ ਖਿ਼ਲਾਫ਼ ਲੁਧਿਆਣਾ ਦੇ ਰਾਹੋਂ ਰੋਡ ਸਥਿਤ ਸੁਰਜੀਤ ਕਾਲੋਨੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ `ਤੇ ਸਿ਼ਕਾਇਤ (Complaint) ਦਰਜ ਕਰਵਾਈ ਗਈ ਸੀ । ਸਿ਼ਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਇਕ ਰਿਸ਼ਤੇਦਾਰ ਵਿਰੁੱਧ ਥਾਣਾ ਕੂਮਕਲਾਂ ਵਿਖੇ ਇਕ ਮੁਕੱਦਮਾ ਦਰਜ ਸੀ, ਜਿਸ ਦੀ ਤਫ਼ਤੀਸ਼ ਏ. ਐੱਸ. ਆਈ. (A. S. I.) ਜਗਜੀਵਨ ਸਿੰਘ ਵੱਲੋਂ ਕੀਤੀ ਜਾ ਰਹੀ ਸੀ ।
ਵਾਰ-ਵਾਰ ਰਿਸ਼ਵਤ ਦੀ ਮੰਗ ਕਰਨ ‘ਤੇ ਮਾਮਲਾ ਪਹੁੰਚਿਆ ਵਿਜੀਲੈਂਸ ਕੋਲ
ਬੁਲਾਰੇ ਨੇ ਦੱਸਿਆ ਕਿ ਜਦੋਂ ਸਿ਼ਕਾਇਤਕਰਤਾ (Complainant) ਆਪਣੇ ਰਿਸ਼ਤੇਦਾਰ ਦੇ ਕੇਸ ਸਬੰਧੀ ਜਾਂਚ ਅਧਿਕਾਰੀ ਜਗਜੀਵਨ ਸਿੰਘ ਨੂੰ ਮਿਲਿਆ ਤਾਂ ਮੁਲਜ਼ਮ ਅਦਾਲਤ ਵਿੱਚੋਂ ਜ਼ਮਾਨਤ ਦਿਵਾਉਣ ਵਿਚ ਮਦਦ ਕਰਨ ਦੇ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਇਹ ਰਕਮ ਹਾਸਲ ਵੀ ਕਰ ਲਈ । ਇਸ ਤੋਂ ਬਾਅਦ ਮੁਲਜ਼ਮ ਏ. ਐੱਸ. ਆਈ. ਦਾ ਲਾਲਚ ਹੋਰ ਵਧ ਗਿਆ ਤੇ ਉਸ ਨੇ ਸਿ਼ਕਾਇਤਕਰਤਾ ਨੂੰ ਦੁਬਾਰਾ ਬੁਲਾ ਕੇ 10 ਹਜ਼ਾਰ ਰੁਪਏ ਦੀ ਹੋਰ ਰਿਸ਼ਵਤ ਦੀ ਮੰਗ ਕੀਤੀ । ਸਿ਼ਕਾਇਤ ਦੇ ਆਧਾਰ `ਤੇ ਕਾਰਵਾਈ ਕਰਦਿਆਂ ਵਿਜੀਲੈਂਸ ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਏ. ਐੱਸ. ਆਈ. ਜਗਜੀਵਨ ਸਿੰਘ ਨੂੰ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ।








