ਕਪੂਰਥਲਾ, 29 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਰੇਲਵੇੇ ਸਟੇਸ਼ਨ ਰੋਡ ‘ਤੇ ਸਥਿਤ ਇਕ ਬੈਂਕ ਵਿਚ ਸਵੇਰੇ-ਸਵੇਰੇ ਅੱਗ ਲੱਗਣ (Fire) ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਸ ਬੈਂਕ ਵਿਚ ਲੱਗੀ ਅੱਗ
ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੀ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਜਿਸ ਬੈਂਕ ਨੂੰ ਅੱਜ ਸਵੇਰੇ-ਸਵੇਰੇ ਹੀ ਅਚਾਨਕ ਅੱਗ ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਇਕ ਪ੍ਰਾਈਵੇਟ ਸੈਕਟਰ ਦੇ ਆਈ. ਡੀ. ਬੀ. ਆਈ. ਬੈਂਕ (IDBI Bank) ਦੀ ਬ੍ਰਾਂਚ ਸ਼ਾਮਲ ਹੈ । ਦੱਸਣਯੋਗ ਹੈ ਕਿ ਬੈਂਕ ਵਿਚੋਂ ਅੱਗ ਲੱਗਣ ਬਾਰੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਜਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਤਾਂ ਜੋ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ।
ਕੀ ਦੱਸਿਆ ਫਾਇਰ ਅਫ਼ਸਰ ਨੇ
ਉਪਰੋਕਤ ਅੱਗ ਲੱਗਣ ਦੀ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 5 . 59 ਵਜੇ ਫਾਇਰ ਬ੍ਰਿਗੇਡ (Fire brigade) ਨੂੰ ਬੈਂਕ ਵਿਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲੀ । ਸੂਚਨਾ ਮਿਲਦਿਆਂ ਹੀ ਟੀਮ ਬਿਨਾਂ ਕਿਸੇ ਦੇਰੀ ਦੇ ਮੌਕੇ `ਤੇ ਪਹੁੰਚ ਗਈ ਅਤੇ ਅੱਧੇ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ `ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ । ਫਾਇਰ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਹੈ। ਹਾਲਾਂਕਿ, ਅਸਲ ਕਾਰਨ ਦੀ ਪੁਸ਼ਟੀ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ ।
ਕੀ ਜਾਣਕਾਰੀ ਦਿੱਤੀ ਬੈਂਕ ਮੈਨੇਜਰ ਨੇ
ਉਕਤ ਬੈਂਕ ਦੇ ਬ੍ਰਾਂਚ ਮੈਨੇਜਰ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 6 ਵਜੇ ਬੈਂਕ ਵਿੱਚ ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਤੇ ਉਹ ਤੁਰੰਤ ਬੈਂਕ ਪਹੁੰਚੇ, ਜਿੱਥੇ ਫਾਇਰ ਬ੍ਰਿਗੇਡ ਦੀ ਟੀਮ ਪਹਿਲਾਂ ਹੀ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਚੁੱਕੀ ਸੀ । ਅੱਗ `ਤੇ ਕਾਬੂ ਪਾਉਣ ਤੋਂ ਬਾਅਦ ਬੈਂਕ ਦੇ ਅੰਦਰੂਨੀ ਹਾਲਾਤ ਦਾ ਜਾਇਜ਼ਾ ਲਿਆ ਗਿਆ । ਬ੍ਰਾਂਚ ਮੈਨੇਜਰ ਅਨੁਸਾਰ ਅੱਗ ਕਾਰਨ ਬੈਂਕ ਵਿੱਚ ਰੱਖੇ ਅਹਿਮ ਦਸਤਾਵੇਜ਼ਾਂ, ਫਰਨੀਚਰ ਅਤੇ ਹੋਰ ਸਮਾਨ ਦਾ ਭਾਰੀ ਨੁਕਸਾਨ ਹੋਇਆ ਹੈ । ਅਨੁਮਾਨ ਹੈ ਕਿ ਇਸ ਘਟਨਾ ਵਿੱਚ ਬੈਂਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ।








