Patiala Help Club Logo

ਰਾਜਪਾਲ ਕਟਾਰੀਆ ਦਿੱਤਾ ਟੀ. ਬੀ. ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ

ਪਟਿਆਲਾ, 2 ਅਕਤੂਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਵਲੋਂ ਟੀ. ਬੀ. ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਆਖਿਆ ਰਾਜਪਾਲ ਪੰਜਾਬ ਕਟਾਰੀਆ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਤਪਦਿਕ (ਟੀ.ਬੀ.) ਵਿਰੁੱਧ ਲੜਾਈ ਨੂੰ ਜਨ ਲਹਿਰ ਬਣਾਉਣ ਦਾ ਸੱਦਾ ਦਿੰਦਿਆਂ ਆਖਿਆ ਹੈ ਕਿ ਟੀ. ਬੀ. (T. B.) ਦਾ ਖਾਤਮਾ ਸਿਰਫ਼ ਸਰਕਾਰ ਜਾਂ ਸਿਹਤ ਵਿਭਾਗ ਦੀ ਇਕੱਲੀ ਜਿ਼ੰਮੇਵਾਰੀ ਨਹੀਂ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਹੋਵੇਗਾ ਕਿ ਕੋਈ ਵੀ ਟੀਬੀ ਮਰੀਜ਼ ਸਮੇਂ ਸਿਰ ਜਾਂਚ ਤੋਂ ਵਾਂਝਾ ਨਾ ਰਹੇ ।

ਉਨ੍ਹਾਂ ਕਿਹਾ ਕਿ ਟੀਬੀ ਵਿਰੁੱਧ ਜਾਗਰੂਕਤਾ ਨੂੰ ਜਨ ਅੰਦੋਲਨ ਅਤੇ ਲੋਕਾਂ ਦੀ ਸਰਗਰਮ ਭਾਗੀਦਾਰੀ ਦੀ ਮੁਹਿੰਮ ਬਣਾਉਣ ਦੀ ਲੋੜ ਹੈ । ਦੱਸਣਯੋਗ ਹੈ ਕਿ ਰਾਜਪਾਲ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨਾਲ ਤਪਦਿਕ (ਟੀ. ਬੀ.) ਅਤੇ ਫੇਫੜਿਆਂ ਦੀਆਂ ਬਿਮਾਰੀਆਂ ਬਾਰੇ 81ਵੀਂ ਰਾਸ਼ਟਰੀ ਕਾਨਫਰੰਸ ‘ਨੈਟਕੌਨ-2026’ (National Conference ‘Netcon-2026’) ਦਾ ਉਦਘਾਟਨ ਕੀਤਾ ।

ਸਰਕਾਰ ਨੇ ਨਿਕਸ਼ੇ ਮਿੱਤਰਜ ਸਕੀਮ ਰਾਹੀਂ ਟੀ. ਬੀ. ਦੇ ਮਰੀਜਾਂ ਦੀ ਫੜੀ ਹੈ ਬਾਂਹ

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਲ 1939 ਵਿੱਚ ਸਥਾਪਿਤ ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਦਹਾਕਿਆਂ ਤੋਂ ਭਾਰਤ ਵਿੱਚ ਟੀ. ਬੀ. ਕੰਟਰੋਲ, ਜਨਤਕ ਜਾਗਰੂਕਤਾ, ਡਾਕਟਰੀ ਸਿੱਖਿਆ ਅਤੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ । ਉਨ੍ਹਾਂ ਸੰਸਥਾ ਨੂੰ ਤਪਦਿਕ ਬਾਰੇ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਬੁਕਲੈਟ ਛਪਵਾ ਕੇ ਵਿਆਪਕ ਜਾਗਰੂਕਤਾ ਪੈਦਾ ਕਰਨ ਲਈ ਵੀ ਪ੍ਰੇਰਿਤ ਕੀਤਾ ।

ਰਾਜਪਾਲ ਨੇ ਟੀ. ਬੀ. ਦੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੌਸ਼ਟਿਕ ਖੁਰਾਕ ਉਪਲਬਧ ਕਰਵਾਉਣ ’ਤੇ ਵੀ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਸਰਕਾਰ ਨੇ ‘ਨਿਕਸ਼ੇ ਮਿੱਤਰ’ ਸਕੀਮ ਰਾਹੀਂ ਟੀਬੀ ਮਰੀਜ਼ਾਂ ਦੀ ਬਾਂਹ ਫੜੀ ਹੈ, ਜਦਕਿ ਇੰਡੀਅਨ ਰੈਡ ਕਰਾਸ ਸੁਸਾਇਟੀ ਵੀ ਅਜਿਹੇ ਮਰੀਜ਼ਾਂ ਦੀ ਮਦਦ ਕਰ ਰਹੀ ਹੈ ।

ਪੰਜਾਬ ਟੀ. ਬੀ. ਦੇ ਮਰੀਜਾਂ ਦੀ ਗਿਣਤੀ ਵਧ ਹੋਣ ਤੇ ਚਿੰਤਾ ਜਾਹਰ ਕੀਤੀ

ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਟੀ. ਬੀ. ਦੇ ਮਰੀਜ਼ਾਂ ਦੀ ਗਿਣਤੀ ਕੌਮੀ ਔਸਤ ਨਾਲੋਂ ਵੱਧ ਹੋਣ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਨੇ ਸਾਲ 2030 ਤੱਕ ਟੀਬੀ ਦੇ ਖਾਤਮੇ ਦਾ ਟੀਚਾ ਰੱਖਿਆ ਹੈ । ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਉੱਚ-ਜੋਖਮ ਵਾਲੀਆਂ ਆਬਾਦੀਆਂ ਤੱਕ ਪਹੁੰਚ, ਸਮੇਂ ਸਿਰ ਜਾਂਚ, ਮਰੀਜ਼ਾਂ ਨੂੰ ਨਿਰੰਤਰ ਇਲਾਜ, ਢੁਕਵੀਂ ਪੋਸ਼ਣ ਅਤੇ ਸਮਾਜਿਕ ਸਹਾਇਤਾ ਯਕੀਨੀ ਬਣਾਉਣ ਦੀ ਲੋੜ ਹੈ ।

Advertisement