ਚੰਡੀਗੜ੍ਹ, 19 ਅਕਤੂਬਰ 2026 : ਪੰਜਾਬ ਸਰਕਾਰ (Government of Punjab) ਵਲੋਂ ਮੁਫ਼ਤ ਸੈਨੇਟਰੀ ਪੈਡ ਯੋਜਨਾ ਤਹਿਤ ਚਾਲੂ ਵਿੱਤੀ ਸਾਲ ਦੌਰਾਨ 9. 75 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਸਮਾਚਾਰ ਹੈ।
ਕਿੰਨੇ ਸੈਨੇਟਰੀ ਪੈਡ ਵੰਡੇ ਗਏ ਹਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਮੁਫ਼ਤ ਸੈਨੇਟਰੀ ਪੈਡ ਯੋਜਨਾ ਤਹਿਤ ਚਾਲੂ ਵਿੱਤੀ ਵਰ੍ਹੇ ਦੌਰਾਨ 9.75 ਕਰੋੜ ਰੁਪਏ ਦੀ ਲਾਗਤ ਨਾਲ 2.45 ਕਰੋੜ ਤੋਂ ਵੱਧ ਸੈਨੇਟਰੀ ਪੈਡ (Sanitary pad) ਵੰਡੇ ਗਏ ਹਨ । ਇਸ ਨਾਲ ਸੂਬੇ ਦੀਆਂ 13.65 ਲੱਖ ਤੋਂ ਵੱਧ ਔਰਤਾਂ ਨੂੰ ਲਾਭ ਮਿਲਿਆ ਹੈ ।
ਕੀ ਜਾਣਕਾਰੀ ਦਿੱਤੀ ਕੈਬਨਿਟ ਮੰਤਰੀ ਪੰਜਾਬ ਨੇ
ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਉਨ੍ਹਾਂ ਕਿਹਾ ਕਿ ਮਾਹਵਾਰੀ ਦੌਰਾਨ ਸਫ਼ਾਈ ਉਤਪਾਦਾਂ ਦੀ ਉਪਲਬਧਤਾ ਔਰਤਾਂ ਦੀ ਸਿਹਤ, ਸਨਮਾਨ ਅਤੇ ਆਤਮ-ਵਿਸ਼ਵਾਸ ਨਾਲ ਜੁੜੀ ਹੋਈ ਹੈ। ਇਸ ਯੋਜਨਾ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਔਰਤਾਂ ’ਤੇ ਪੈਣ ਵਾਲਾ ਖਰਚੇ ਦਾ ਬੋਝ ਘਟਿਆ ਹੈ ਅਤੇ ਮਾਹਵਾਰੀ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਵੀ ਮਦਦ ਮਿਲੀ ਹੈ ।
ਨਵੀਂ ਦਿਸ਼ਾ ਯੋਜਨਾ ਤਹਿਤ ਹਰ ਮਹੀਨੇ ਕਿੰਨੇ ਸੈਨੇਟਰੀ ਪੈਡ ਕਰਵਾਏ ਜਾ ਰਹੇ ਹਨ ਮੁਹੱਈਆ
ਮੰਤਰੀ ਨੇ ਦੱਸਿਆ ਕਿ ‘ਨਵੀਂ ਦਿਸ਼ਾ’ ਯੋਜਨਾ ਤਹਿਤ ਯੋਗ ਔਰਤਾਂ ਨੂੰ ਸੂਬੇ ਦੇ 27,314 ਆਂਗਣਵਾੜੀ ਕੇਂਦਰਾਂ ਰਾਹੀਂ ਹਰ ਮਹੀਨੇ 9 ਸੈਨੇਟਰੀ ਪੈਡ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ । ਇਸ ਨਾਲ ਪੇਂਡੂ ਅਤੇ ਪਛੜੇ ਇਲਾਕਿਆਂ ਦੀਆਂ ਔਰਤਾਂ ਨੂੰ ਵੀ ਨਿਯਮਿਤ ਤੌਰ ’ਤੇ ਸਫ਼ਾਈ ਉਤਪਾਦ ਮਿਲ ਰਹੇ ਹਨ । ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਮਾਹਵਾਰੀ ਨਾਲ ਜੁੜੀਆਂ ਰੂੜ੍ਹੀਵਾਦੀ ਧਾਰਨਾਵਾਂ ਅਤੇ ਗ਼ਲਤਫ਼ਹਿਮੀਆਂ ਨੂੰ ਦੂਰ ਕਰਨਾ ਅਤੇ ਔਰਤਾਂ ਤੇ ਕਿਸ਼ੋਰੀਆਂ ਵਿੱਚ ਸਫ਼ਾਈ ਦੀਆਂ ਚੰਗੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਹੈ ।








