ਚੰਡੀਗੜ੍ਹ, 26 ਅਕਤੂਬਰ 2026 : ਪੰਜਾਬ ਕੈਮਿਸਟ ਐਸੋਸੀਏਸ਼ਨ (Punjab Chemists Association) ਵਲੋਂ ਫ਼ੈਸਲਾ ਲੈਂਦਿਆਂ ਸਪੱਸ਼ਟ ਆਖਿਆ ਹੈ ਕਿ ਪੰਜਾਬ ਦੇ ਮੈਡੀਕਲ ਸਟੋਰਾਂ ‘ਤੇ ਹੁਣ ਪਾਬੰਦੀਸ਼ੁਦਾ ਦਵਾਈਆਂ ਨਹੀਂ ਮਿਲਣਗੀਆਂ ।
ਕਿਹੜੀਆਂ-ਕਿਹੜੀਆਂ ਦਵਾਈਆਂ ਕੀਤੀਆਂ ਹਨ ਸ਼ਾਮਲ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਜੋ ਇਕ ਅਹਿਮ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਪੰਜਾਬ ਦੇ ਮੈਡੀਕਲ ਸਟੋਰਾਂ (Medical stores) ‘ਤੇ ਹੁਣ ਪਾਬੰਦੀਸ਼ੁਦਾ ਦਵਾਈਆਂ ਨਹੀਂ ਮਿਲਣਗੀਆਂ ਦੇ ਵਿਚ ਪ੍ਰੀਗਾਬਾਲਿਨ ਅਤੇ ਟ੍ਰਾਮਾਡੋਲ (Pregabalin and Tramadol) ਸ਼ਾਮਲ ਹਨ । ਇਥੇ ਹੀ ਬਸ ਨਹੀਂ ਐੈਸੋਸੀਏਸ਼ਨ ਵਲੋਂ ਲਏ ਗਏ ਫ਼ੈਸਲੇ ਮੁਤਾਬਕ ਹੁਣ ਪੰਜਾਬ ਦੇ 27 ਹਜ਼ਾਰ ਤੋਂ ਵਧ ਮੈਡੀਕਲ ਸਟੋਰਾਂ ਦੇ ਮਾਲਕਾਂ ਵਲੋਂ ਉਪਰੋਕਤ ਦੋਵੇਂ ਦਵਾਈਆਂ ਦਾ ਮੌਜੂਦਾ ਸਟਾਕ ਵਾਪਸ ਕਰਨ ਅਤੇ ਇਨ੍ਹਾਂ ਦਾ ਨਵਾਂ ਸਟਾਕ ਨਾ ਮੰਗਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ।
ਕਿਸ ਕਿਸ ਕੰਮ ਆਉਂਦੀਆਂ ਸਨ ਦਵਾਈਆਂ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਜਿਨ੍ਹਾਂ ਦਵਾਈਆਂ ਦੀ ਵਿਕਰੀ ਤੇ ਪੰਜਾਬ ਦੇ ਮੈਡੀਕਲ ਸਟੋਰਾਂ ਵਾਲਿਆਂ ਵਲੋਂ ਪਾਬੰਦੀਆਂ ਲਗਾਈਆਂ ਗਈਆਂ ਹਨ ਵਾਲੀਆਂ ਦਵਾਈਆਂ ਦੀ ਵਿਕਰੀ ਰੁਕਣ ਨਾਲ ਜੋੜਾਂ ਦੇ ਦਰਦ, ਮਾਨਸਿਕ ਸਿਹਤ ਨਾਲ ਸਬੰਧਤ ਸਮੱਸਿਆਵਾਂ ਅਤੇ ਡਿਪਰੈਸ਼ਨ ਨਾਲ ਜੂਝ ਰਹੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਤੋਂ ਇਲਾਵਾ, ਸ਼ੂਗਰ ਅਤੇ ਅਧਰੰਗ (ਪੈਰਾਲਿਸਿਸ) ਤੋਂ ਪ੍ਰਭਾਵਿਤ ਮਰੀਜ਼ਾਂ ਲਈ ਵੀ ਦਵਾਈਆਂ ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ ।
ਕੀ ਆਖਿਆ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਬੁਲਾਰੇ ਨੇ
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੰਜੀਵ ਚੌਧਰੀ ਨੇ ਕਿਹਾ ਕਿ ਕੁੱਝ ਲੋਕਾਂ ਦੀਆਂ ਗਲਤ ਹਰਕਤਾਂ ਲਈ ਸਾਰੇ ਕੈਮਿਸਟਾਂ ਨੂੰ ਜਿ਼ੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ । ਉਨ੍ਹਾਂ ਪੁਲਸ ਦੀ ਕਾਰਵਾਈ ਅਤੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਛਾਪੇਮਾਰੀ ਦੀਆਂ ਧਮਕੀਆਂ ਦਿੱਤੇ ਜਾਣ ’ਤੇ ਸਵਾਲ ਚੁੱਕਦਿਆਂ ਐਸੋਸੀਏਸ਼ਨ ਵੱਲੋਂ ਇਹ ਮੁੱਦਾ ਵੀ ਚੁੱਕਿਆ ਕਿ ਮੈਡੀਕਲ ਸਟੋਰਾਂ ’ਤੇ ਡਰੱਗ ਇੰਸਪੈਕਟਰਾਂ ਦੀ ਬਜਾਏ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।
ਐਸੋਸੀਏਸ਼ਨ ਨੇ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਦਾ ਕੀਤਾ ਸਮਰਥਨ
ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਉਹ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿ਼ਲਾਫ਼ ਕਾਰਵਾਈ ਦਾ ਸਮਰਥਨ ਕਰਦੀ ਹੈ, ਪਰ ਸਾਰੇ ਲਾਇਸੈਂਸਸ਼ੁਦਾ ਮੈਡੀਕਲ ਸਟੋਰ ਸੰਚਾਲਕਾਂ ਨੂੰ ਇੱਕੋ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ । ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ । ਇਸ ਫੈਸਲੇ ਦਾ ਮਰੀਜ਼ਾਂ ’ਤੇ ਕੀ ਅਸਰ ਪਵੇਗਾ ਅਤੇ ਸਰਕਾਰ ਇਸ ਮਾਮਲੇ ਵਿੱਚ ਕੀ ਕਦਮ ਚੁੱਕੇਗੀ, ਇਸ ’ਤੇ ਅੱਗੇ ਨਜ਼ਰ ਰਹੇਗੀ ।








