ਬਠਿੰਡਾ, 11 ਅਪ੍ਰੈਲ 2026 : ਪੰਜਾਬ ਦੇ ਜਿਲਾ ਬਠਿੰਡਾ ਦੀ ਮਾਨਯੋਗ ਅਦਾਲਤ ਵਲੋਂ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਦਾ ਪੰਜ ਦਿਨ ਦਾ ਪੁਲਸ ਰਿਮਾਂਡ (Police remand) ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਅੰਮ੍ਰਿਤਪਾਲ ਸਿੰਘ ਮਹਿਰੋਂ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਯੂ. ਏ. ਈ. ਤੋਂ ਦਿੱਲੀ ਤੇ ਫਿਰ ਬਠਿੰਡਾ ਲਿਆਂਦੇ ਗਏ ਜਿਸ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਬਠਿੰਡਾ ਅਦਾਲਤ (Bathinda Court) ਵਲੋਂ ਪੰਜ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ `ਚ ਮੁੱਖ ਸਾਜਿਸ਼ਕਰਤਾ ਸੀ ।
ਘਟਨਾਕ੍ਰਮ ਤੋਂ ਬਾਅਦ ਭੱਜ ਗਿਆ ਸੀ ਯੂ. ਏ. ਈ.
ਜਿਕਰਯੋਗ ਹੈ ਕਿ ਕਮਲ ਕੌਰ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ । ਬਠਿੰਡਾ ਪੁਲਸ ਦੀ ਇਕ ਐਡਵਾਂਸ ਟੀਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦਿੱਲੀ ਤੋਂ ਬਠਿੰਡਾ ਲੈ ਕੇ ਆਈ । ਅੰਮ੍ਰਿਤਪਾਲ ਮਹਿਰੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਫ਼ਰਾਰ ਹੋ ਗਿਆ ਸੀ । ਪੰਜਾਬ ਦੀ ਕਾਊਂਟਰ ਇੰਟੈਲਜੈਂਸ ਵਿੰਗ ਦੇ ਸੈੱਲ ਰਾਹੀਂ ਉਸ ਦੀ ਗ੍ਰਿਫਤਾਰੀ ਹੋਈ ।
ਕੀ ਜਾਣਕਾਰੀ ਦਿੱਤੀ ਡੀ. ਜੀ. ਪੀ. ਪੰਜਾਬ ਨੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦੱਸਿਆ ਕਿ ਮੁਲਜ਼ਮ ਨੂੰ 10 ਅਪ੍ਰੈਲ ਦੀ ਸਵੇਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਪੰਜਾਬ ਪੁਲਸ ਨੇ ਹਿਰਾਸਤ ਵਿਚ ਲਿਆ ਸੀ । ਉਹ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਮੱਧ ਪੂਰਬ ਵਿਚ ਲੁਕਿਆ ਹੋਇਆ ਸੀ । ਪੁਲਸ ਜਾਂਚ ਮੁਤਾਬਕ 11 ਜੂਨ 2025 ਨੂੰ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ (Kamal Kaur Bhabhi alias Kanchan Kumari) ਨੂੰ ਅਗਵਾ ਕਰ ਲਿਆ ਸੀ ਅਤੇ ਫਿਰ ਉਸ ਦੀ ਕਾਰ `ਚ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ।










