ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਭਾਜਪਾ ਆਗੂ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

ਫਤਿਹਪੁਰ, 8 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਫਤਿਹਪੁਰ ਵਿਖੇ ਸਮੂਹਿਕ ਜਬਰ ਜਨਾਹ ਦੇ ਮੁਲਜਮ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜਿਲੇ (Fatehpur District) ਵਿਚ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ ਲੋੜੀਂਦੇ ਭਾਜਪਾ ਆਗੂ ਅਤੇ ਪਾਰਟੀ ਦੇ ਮੰਡਲ ਉਪ-ਪ੍ਰਧਾਨ ਬਬਲੂ ਠਾਕੁਰ (Bablu Thakur) ਨੂੰ ਪੁਲਸ ਨੇ ਵੀਰਵਾਰ ਸਵੇਰੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ । ਪੁਲਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀਆਂ ਦੋਵੇਂ ਲੱਤਾਂ ਵਿਚ ਗੋਲੀ ਲੱਗੀ ਹੈ । ਉਸ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ ਹੈ ।

ਕੀ ਆਖਿਆ ਐਸ. ਪੀ. ਮਾਂਗਲਿ ਨੇ

ਜਿਲਾ ਫਤਿਹਪੁਰ ਦੇ ਪੁਲਸ ਸੁਪਰਡੈਂਟ ਅਭਿਮਨਿਊ ਮਾਂਗਲਿਕ ਨੇ ਕਿਹਾ ਕਿ ਦੋਸ਼ੀ `ਤੇ ਪਹਿਲਾਂ 25 ਹਜ਼ਾਰ ਰੁਪਏ ਅਤੇ ਫਿਰ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ । ਬਾਅਦ ਵਿਚ ਪ੍ਰਯਾਗਰਾਜ ਜ਼ੋਨ ਦੇ ਏ. ਡੀ. ਜੀ. ਜਯੋਤੀ ਨਾਰਾਇਣ ਨੇ ਉਸ ਦੀ ਗ੍ਰਿਫ਼ਤਾਰੀ `ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ।

ਕੀ ਹੈ ਪੂਰਾ ਮਾਮਲਾ

ਪੁਲਸ ਅਨੁਸਾਰ ਖਾਗਾ ਖੇਤਰ ਦੀ ਇਕ ਮੁਟਿਆਰ ਆਪਣੇ ਮੰਗੇਤਰ ਨਾਲ ਬਾਗ ਵਿਚ ਗਈ ਸੀ, ਜਿੱਥੇ ਬਬਲੂ ਠਾਕੁਰ ਅਤੇ ਉਸ ਦੇ 2 ਸਾਥੀਆਂ ਨੇ ਕਥਿਤ ਤੌਰ `ਤੇ ਮੁਟਿਆਰ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਸੀ । ਘਟਨਾ ਤੋਂ ਬਾਅਦ ਪੁਲਸ ਨੇ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ । ਮਾਮਲੇ ਵਿਚ ਮੁਲਜ਼ਮ ਦੇ 2 ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਜਾ ਚੁੱਕਾ ਹੈ, ਜਦਕਿ ਮੁੱਖ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ ।