ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਸ਼ਮਸ਼ਾਨਘਾਟ `ਚੋਂ ਮਿਲੀ ਲਾਸ਼

ਭਦੌੜ, 28 ਮਈ 2026 : ਪੰਜਾਬ ਦੇ ਕਸਬਾ ਭਦੌੜ (Town Bhadaur) ਦੇ ਮੁਹੱਲਾ ਵੱਡੇ ਕੌੜਿਆਂ ਦੇ ਸ਼ਮਸ਼ਾਨਘਾਟ `ਚ ਅੱਜ ਇਕ 26 ਸਾਲਾ ਨੌਜਵਾਨ ਦੀ ਲਾਸ਼ (Corpse) ਮਿਲਣ `ਤੇ ਇਲਾਕੇ `ਚ ਸਨਸਨੀ ਫੈਲ ਗਈ ।

ਕੌਣ ਹੈ ਇਹ ਨੌਜਵਾਨ

ਮ੍ਰਿਤਕ ਦੀ ਪਛਾਣ ਲਖਵੀਰ ਸਿੰਘ (Lakhvir Singh) (26) ਪੁੱਤਰ ਬੂਟਾ ਸਿੰਘ ਵਜੋਂ ਹੋਈ ਹੈ । ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਖਵੀਰ ਸਿੰਘ ਪਿਛਲੇ ਚਾਰ ਸਾਲ ਤੋਂ ਨਸ਼ੇ ਦਾ ਸੇਵਨ (Drug abuse) ਕਰਨ ਦਾ ਆਦੀ ਸੀ ਅਤੇ ਵਿਆਹਿਆ ਸੀ । ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਦੋ ਬੇਟੀਆਂ ਅਤੇ ਇਕ ਬੇਟਾ ਵੀ ਹੈ । ਮ੍ਰਿਤਕ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਉਸ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਸਮਝਾਇਆ ਪਰ ਉਹ ਨਸ਼ਾ ਕਰਨ ਤੋਂ ਬਾਜ਼ ਨਹੀਂ ਆਇਆ ।

ਕੀ ਆਖਿਆ ਇੰਸਪੈੈਕਟਰ ਨੇ

ਇਸ ਸਬੰਧੀ ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ `ਤੇ ਕਾਰਵਾਈ ਕੀਤੀ ਜਾ ਰਹੀ ਹੈ । ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਫਿਰ ਸ਼ਮਸ਼ਾਨਘਾਟ ਅੰਦਰ ਜਾਂ ਹੋਰ ਪਾਸੇ ਨਸ਼ੇ ਦਾ ਸੇਵਨ ਕਰਦਾ ਵਿਖਾਈ ਦਿੰਦਾ ਹੈ ਤਾਂ ਸਾਨੂੰ ਮੌਕੇ `ਤੇ ਤੁਰੰਤ ਜਾਣਕਾਰੀ ਦਿੱਤੀ ਜਾਵੇ, ਅਸੀਂ ਉਸ ਦੇ ਖਿਲਾਫ ਸਖਤ ਤੇ ਕਾਨੂੰਨੀ ਕਾਰਵਾਈ ਕਰਨ `ਚ ਗੁਰੇਜ਼ ਨਹੀਂ ਕਰਾਂਗੇ । ਮੌਕੇ `ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸ਼ਮਸ਼ਾਨਘਾਟ `ਚ ਹਰ ਰੋਜ਼ ਕੁਝ ਨੌਜਵਾਨ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਹਨ ਅਤੇ ਸਮੇਂ ਸਿਰ ਪੁਲਸ ਵੀ ਇੱਥੇ ਚੱਕਰ ਲਗਾਉਂਦੀ ਰਹਿੰਦੀ ਹੈ ।