ਸਰੀ, 11 ਮਾਰਚ 2026 : ਬ੍ਰਿਟਿਸ਼ ਕੋਲੰਬੀਆ ਸਰਕਾਰ (Government of British Columbia) ਵਲੋਂ ਬ੍ਰਿਟਿਸ਼ ਵਿਧਾਨ ਸਭਾ ਵਿਖੇ ਇਕ ਅਹਿਮ ਕਦਮ ਚੁੱਕਣ ਦੇ ਚਲਦਿਆਂ ਇਕ ਬਿੱਲ-13 (Bill-13) ਪੇਸ਼ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕੀ ਹੈ ਇਹ ਬਿੱਲ-13 ਜੋ ਬੀ. ਸੀ. ਵਿਧਾਨ ਸਭਾ ਕੀਤਾ ਜਾ ਚੁੱਕਿਆ ਪੇਸ਼
ਮਿਲੀ ਜਾਣਕਾਰੀ ਅਨੁਸਾਰ ਬੀ. ਸੀ. ਵਿਧਾਨ ਸਭਾ (B. C. Legislative Assembly) ਵਿਚ ਜੋ ਸਰਕਾਰ ਵਲੋਂ ਬਿੱਲ-13 ਪੇਸ਼ ਕੀਤਾ ਗਿਆ ਹੈ ਦਾ ਮੁੱਖ ਮਕਸਦ ਸੂਬੇ ਦੇ ਧਾਰਮਿਕ ਅਸਥਾਨਾਂ ਦੀ ਮਰਿਆਦਾ ਅਤੇ ਸ਼ਾਂਤੀ ਨੂੰ ਬਹਾਲ ਰੱਖਣ ਲਈ ਹੈ । ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਮੰਦਰਾਂ, ਗੁਰਦੁਆਰਿਆਂ, ਮਸੀਤਾਂ ਅਤੇ ਚਰਚ ਦੇ ਬਾਹਰ ਕਿਸੇ ਵੀ ਤਰ੍ਹਾਂ ਦੇ ਰੋਸ ਮੁਜ਼ਾਹਰੇ, ਹੰਗਾਮੇ ਜਾਂ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਮੁਕੰਮਲ ਮਨਾਹੀ ਹੋਵੇਗੀ ।
ਬਿੱਲ ਦੀ ਪਹਿਲੀ ਪ੍ਰਕਿਰਿਆ ਹੋ ਚੁੱਕੀ ਹੈ ਮੁਕੰਮਲ
ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਸਿਕਾਇਤਾਂ ਅਤੇ ਚਿੰਤਾਵਾਂ ਤੋਂ ਬਾਅਦ ਤਿਆਰ ਕੀਤੇ ਗਏ ਬਿੱਲ ਦੀ ਪਹਿਲੀ ਪ੍ਰਕਿਰਿਆ ਜਿਥੇ ਮੁਕੰਮਲ ਹੋ ਚੁੱਕੀ ਹੈ, ਉਥੇ ਦੂਸਰੀ ਪ੍ਰਕਿਰਿਆ ਦੌਰਾਨ ਹੋਣ ਵਾਲੀ ਬਹਿਸ ਤੋਂ ਬਾਅਦ ਇਹ ਕਾਨੂੰਨੀ ਰੂਪ ਲੈ ਲਵੇਗਾ । ਜਾਣਕਾਰੀ ਮੁਤਾਬਕ ਉਕਤ ਕਾਨੂੰਨ ਸ਼ੁਰੂਆਤੀ ਤੋਰ ਤੇ ਸਿਰਫ਼ ਦੋ ਸਾਲਾਂ ਲਈ ਲਾਗੂ ਹੋਵੇਗਾ ਅਤੇ ਹਾਲਾਤਾਂ ਦੇ ਮੱਦੇਨਜ਼ਰ ਇਸਦੀ ਮਿਆਦ ਵਿਚ ਵਾਧਾ ਕੀਤਾ ਜਾਵੇਗਾ ।
ਕੀ ਦੱਸਿਆ ਅਟਾਰਨੀ ਜਨਰਲ ਨੇ
ਅਟਾਰਨੀ ਜਨਰਲ ਨਿੱਕੀ ਸ਼ਰਮਾ (Attorney General Nikki Sharma) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਦਾ ਵਿਰੋਧੀ ਧਿਰ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਅਤੇ ਸਮੂਹ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਬੀ. ਸੀ. ਸਰਕਾਰ ਦੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ । ਦੱਸਣਯੋਗ ਹੈ ਕਿ ਬੀਤੇ ਦਿਨੀਂ ਪ੍ਰੀਮੀਅਰ ਡੇਵਿਡ ਈਬੀ ਅਤੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਹੋਰਨਾਂ ਮੰਤਰੀਆਂ ਸਮੇਤ ਮੀਡੀਆ ਨਾਲ ਰੂ-ਬਰੂ ਹੁੰਦਿਆਂ ਇਸ ਬਿੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ । ਸਰਕਾਰ ਨੇ ਸਪੱਸ਼ਟ ਕੀਤਾ ਕਿ ਲੋਕ ਧਾਰਮਿਕ ਸਥਾਨਾਂ `ਤੇ ਮਨ ਦੀ ਸ਼ਾਂਤੀ ਅਤੇ ਆਪਣੀ ਆਸਥਾ ਮੁਤਾਬਿਕ ਨਤਮਸਤਕ ਹੋਣ ਜਾਂਦੇ ਹਨ ਅਤੇ ਕਿਸੇ ਨੂੰ ਵੀ ਇਸ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।








