ਕੈਬਨਿਟ ਮੰਤਰੀ ਅਮਨ ਅਰੋੜਾ ਨੇ ਈ. ਡੀ. ਦੀ ਕਾਰਵਾਈ ‘ਤੇ ਦਿੱਤਾ ਸਪੱਸ਼ਟੀਕਰਨ

ਚੰਡੀਗੜ੍ਹ, 8 ਮਈ 2026 : ਬੀਤੇ ਦਿਨੀਂ ਮੋਹਾਲੀ ਵਿਖੇ ਈ. ਡੀ. ਵਲੋਂ ਕੀਤੀ ਗਈ ਕਾਰਵਾਈ ਸਬੰਧੀ ਅੱਜ ਕੈਬਨਿਟ ਮੰਤਰੀ (Cabinet Minister) ਅਮਨ ਅਰੋੜਾ ਵਲੋਂ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਹੈ ।

ਕੀ ਆਖਿਆ ਗਿਆ ਹੈ ਕੈਬਨਿਟ ਮੰਤਰੀ ਅਰੋੜਾ ਵਲੋਂ

ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ (Aman Arora) ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਨੂੰ ਸਿਆਸੀ ਬਦਲਾਖੋਰੀ ਅਤੇ “ਕੂੜ ਪ੍ਰਚਾਰ” ਕਰਾਰ ਦਿੱਤਾ । ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਮੈਂ ਵੀਡੀਓਜ਼ ਵਿੱਚ ਨੋਟਾਂ ਦੇ ਬੈਗ ਉੱਡਦੇ ਦੇਖੇ ਤਾਂ ਮੈਂ ਵੀ ਹੈਰਾਨ ਸੀ ਪਰ ਸ਼ਾਮ ਹੁੰਦੇ-ਹੁੰਦੇ ਮੇਰੇ ਨੇੜਲੇ ਸਾਥੀ ਗੌਰਵ ਧੀਰ ਦੇ ਜ਼ਰੀਏ ਮੇਰਾ ਨਾਮ ਇਸ ਸਾਰੇ ਮਸਲੇ ਵਿੱਚ ਜਾਣ-ਬੁੱਝ ਕੇ ਜੋੜ ਦਿੱਤਾ ਗਿਆ ।

ਅਮਨ ਅਰੋੜਾ ਨੇ ਈ. ਡੀ. ਦੀ ਕਾਰਵਾਈ ‘ਤੇ ਚੁੱਕੇ ਸਵਾਲ

ਅਮਨ ਅਰੋੜਾ ਨੇ ਇਸ ਮੌਕੇ ਈ. ਡੀ. (E. D.) ਦੀ ਕਾਰਵਾਈ `ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਾਮ ਨੂੰ ਈ. ਡੀ. ਨੇ ਇੱਕ ਸਟੇਟਮੈਂਟ ਜਾਰੀ ਕੀਤੀ, ਜਿਸ ਵਿੱਚ ਗੌਰਵ ਧੀਰ ਦਾ ਨਾਮ ਨਹੀਂ ਸੀ ਪਰ ਅੱਧੇ ਘੰਟੇ ਬਾਅਦ ਹੀ ਦੂਜੀ ਸਟੇਟਮੈਂਟ ਜਾਰੀ ਕਰ ਦਿੱਤੀ ਗਈ, ਜਿਸ ਵਿੱਚ ਸਿਰਫ਼ ਮੈਨੂੰ ਬਦਨਾਮ ਕਰਨ ਲਈ ਲਾਸਟ ਪੈਰਾ ਜੋੜ ਕੇ ਮੇਰਾ ਨਾਮ ਸ਼ਾਮਲ ਕਰ ਦਿੱਤਾ ਗਿਆ । ਅਮਨ ਅਰੋੜਾ ਨੇ ਸਵੀਕਾਰ ਕੀਤਾ ਕਿ ਗੌਰਵ ਧੀਰ ਉਨ੍ਹਾਂ ਦੇ 22 ਸਾਲਾਂ ਤੋਂ ਪੁਰਾਣੇ ਦੋਸਤ ਹਨ ਅਤੇ ਭਰਾਵਾਂ ਤੋਂ ਵੱਧ ਪਿਆਰ ਹੈ ।

ਮੇਰਾ ਕਿਸੇ ਵੀ ਬਿ਼ਜ਼ਨੈਸ ਡੀਲਿੰਗ ਨਾਲ ਕੋਈ ਲੈਣ-ਦੇਣਾ ਨਹੀਂ

ਉਨ੍ਹਾਂ ਕਿਹਾ ਕਿ ਮੈਂ ਆਪਣੀ ਦੋਸਤੀ ਤੋਂ ਪਿੱਛੇ ਨਹੀਂ ਹਟਾਂਗਾ । ਮੇਰੀਆਂ ਲੱਤਾਂ ਇੰਨੀਆਂ ਕਮਜ਼ੋਰ ਨਹੀਂ ਕਿ ਮੈਂ ਜਾਂਚ ਦੇ ਡਰੋਂ ਆਪਣੇ ਯਾਰਾਂ ਦੀ ਬਾਂਹ ਛੱਡ ਦੇਵਾਂ । ਪਰ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਉਨ੍ਹਾਂ ਦੀ ਕਿਸੇ ਵੀ ਬਿਜ਼ਨੈੱਸ ਡੀਲਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ । ਅਮਨ ਅਰੋੜਾ ਨੇ ਈ. ਡੀ. ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਤੁਹਾਨੂੰ ਮੇਰੇ `ਤੇ ਸ਼ੱਕ ਹੈ ਤਾਂ ਮੈਨੂੰ ਬੁਲਾਓ, ਮੈਂ ਖੁਦ ਆਉਣ ਨੂੰ ਤਿਆਰ ਹਾਂ । ਮੇਰੇ ਫੋਨ ਦੀ ਜਾਂਚ ਕਰੋ ਤੇ ਜੇਕਰ ਸੁਰੇਸ਼ ਬਜਾਜ, ਨਿਤਿਨ ਗੋਹਲ ਜਾਂ ਅਜੇ ਸਹਿਗਲ ਵਰਗੇ ਬੰਦਿਆਂ ਦਾ ਨੰਬਰ ਵੀ ਮੇਰੇ ਫੋਨ ਵਿੱਚ ਫੀਡ ਮਿਲਿਆ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸੁਰੇਸ਼ ਬਜਾਜ ਨੇ 2022-23 ਵਿੱਚ ਬੀ. ਜੇ. ਪੀ. ਨੂੰ ਵੀ ਢਾਈ ਲੱਖ ਦੀ ਡੋਨੇਸ਼ਨ ਦਿੱਤੀ ਸੀ, ਪਰ ਈਡੀ ਨੇ ਇਸ ਦਾ ਜਿਕਰ ਨਹੀਂ ਕੀਤਾ ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਧਿਆ ਕੇਂਦਰ ਸਰਕਾਰ ਤੇ ਨਿਸ਼ਾਨਾ

ਅਮਨ ਅਰੋੜਾ ਨੇ ਕੇਂਦਰ ਸਰਕਾਰ `ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ ਭਾਜਪਾ ਉੱਥੇ ਹੀ ਈ. ਡੀ. ਅਤੇ ਸੀ. ਬੀ. ਆਈ. ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਆਗੂਆਂ ਦੀਆਂ ਬਾਹਾਂ ਮਰੋੜਦੀ ਹੈ । ਉਨ੍ਹਾਂ ਕਿਹਾ ਕਿ 1991 ਤੋਂ ਰਾਜਨੀਤੀ ਵਿੱਚ ਹਾਂ ਅਤੇ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਮੰਗਣਾ ਤਾਂ ਦੂਰ, ਝਾਕ ਵੀ ਨਹੀਂ ਰੱਖੀ । ਜ਼ਮੀਨ ਘੁਟਾਲੇ ਦੇ ਇਲਜ਼ਾਮਾਂ `ਤੇ ਉਨ੍ਹਾਂ ਕਿਹਾ ਕਿ ਜਿਸ ਪ੍ਰੋਜੈਕਟ ਨੂੰ ਫਰੋਡ ਦੱਸਿਆ ਜਾ ਰਿਹਾ ਹੈ, ਉਸ ਨੇ ਪੰਜਾਬ ਸਰਕਾਰ ਦੇ ਸਾਰੇ ਬਕਾਏ ਜਮ੍ਹਾਂ ਕਰਵਾ ਕੇ `ਨੋ ਡਿਊ ਸਰਟੀਫਿਕੇਟ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਾਫ਼-ਸੁਥਰੀ ਰਾਜਨੀਤੀ ਕਰਨ ਵਾਲੇ ਲੀਡਰਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ ।