ਪੰਜਾਬੀ ਮੂਲ ਦੇ ਵਿਅਕਤੀ ਦੇ ਕਤਲ ਮਾਮਲੇ ਵਿਚ ਕੈਨੇਡੀਅਨ ਗ੍ਰਿਫ਼ਤਾਰ

ਕੈਨੇਡਾ, 4 ਜੂਨ 2026 : ਕੈਨੇਡਾ (Canada) ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਖੇ ਪੰਜਾਬੀ ਵਿਅਕਤੀ ਦੇ ਕਤਲ ਕਰਨ ਦੇ ਮਾਮਲੇ ਵਿਚ ਇਕ ਕੈਨੇਡੀਅਨ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਜਾਣੇ-ਪਛਾਣੇ ਕਾਰੋਬਾਰੀ ਬਲਜਿੰਦਰ ਸਿੰਘ (Baljinder Singh) ‘ਬਿੰਦਰ’ ਗਰਚਾ ਦੇ ਕਤਲ ਮਾਮਲੇ ਵਿਚ ਸਰੀ ਪੁਲਸ ਨੇ ਜਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ 32 ਸਾਲਾ ਬਰਾਇਨ ਕਿਰੇਲੀ-ਮਿਲਰ ਹੈ । ਦੱਸਣੱਯੋਗ ਹੈ ਕਿ ਉਕਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਹਨ ਤੇ ਬਲਜਿੰਦਰ ਸਿੰਘ ਬਿੰਦਰ ਗਰਚਾ ਦਾ ਕਤਲ 13 ਜਨਵਰੀ 2026 ਨੂੰ ਹੀ ਕਰ ਦਿੱਤਾ ਗਿਆ ਸੀ ।

ਕੀ ਦੱਸਿਆ ਪੁਲਸ ਨੇ

ਪੁਲਸ ਨੇ ਦੱਸਿਆ ਕਿ ਮੁਲਜ਼ਮ ਬਰਾਇਨ ਕਿਰੇਲੀ-ਮਿਲਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਅਨੁਸਾਰ ਤਿੰਨ ਬੱਚਿਆਂ ਦੇ ਪਿਤਾ ਬਿੰਦਰ ਨੂੰ ਮੌਕੇ `ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ ਸੀ । ਬਿੰਦਰ ਗਰਚਾ ਇੱਥੇ ਆਊਟਡੋਰ ਵੈਡਿੰਗ ਵੈਨਿਊ ਚਲਾਉਂਦਾ ਸੀ । ਬਿੰਦਰ ਗਰਚਾ ਦੇ ਸਰੀ ਵਿਚ ਕਈ ਕਾਰੋਬਾਰ ਸਨ, ਜਿਨ੍ਹਾਂ ਵਿਚ ਇਕ ਇਨਡੋਰ ਬੈਂਕੁਇਟ ਹਾਲ, ਲਿਮੋ ਸਰਵਿਸ ਤੇ ਫ਼ਿਲਮ ਕੰਪਨੀ ਸ਼ਾਮਲ ਹਨ । ਪੁਲਸ ਨੇ ਇਸ ਘਟਨਾ ਨੂੰ ਗਿਣਮਿੱਥ ਕੇ ਕੀਤਾ ਕਤਲ ਕਰਾਰ ਦਿੱਤਾ ਹੈ ।

ਕੀ ਦੱਸਿਆ ਸਾਰਜੈਂਟ ਫ਼੍ਰੈਡਾ ਫ਼ੌਂਗ ਨੇ

ਸਾਰਜੈਂਟ ਫ਼੍ਰੈਡਾ ਫ਼ੌਂਗ ਨੇ ਦੱਸਿਆ ਕਿ ਪੀੜਤ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ, ਨਾ ਹੀ ਉਸਦਾ ਸੰਗਠਿਤ ਅਪਰਾਧ ਨਾਲ ਕੋਈ ਲਿੰਕ ਸੀ ਅਤੇ ਨਾ ਹੀ ਉਸ ਨਾਲ ਕੋਈ ਪਹਿਲਾਂ ਜਬਰਨ ਵਸੂਲੀ ਦੀ ਕੋਸ਼ਿਸ਼ ਹੋਈ ਸੀ । ਸਾਰਜੈਂਟ ਫ਼ੌਂਗ ਨੇ ਕਿਹਾ ਕਿ ਕਿਰੇਲੀ-ਮਿਲਰ ਦਾ ਹਿੰਸਾ ਅਤੇ ਹਥਿਆਰਾਂ ਨਾਲ ਸਬੰਧਤ ਮਾਮਲਿਆਂ ਦਾ ਇਤਿਹਾਸ ਰਿਹਾ ਹੈ ਅਤੇ ਉਸਦਾ ਪੁਲਸ ਰਿਕਾਰਡ ਵੀ ਹੈ ਪਰ ਮਾਮਲਾ ਅਦਾਲਤ ਵਿਚ ਹੋਣ ਕਰਕੇ ਗਰਚਾ ਦੇ ਕਤਲ ਦੇ ਕਾਰਨਾਂ ਅਤੇ ਹਾਲਾਤ ਬਾਰੇ ਬਹੁਤੇ ਵੇਰਵੇ ਨਹੀਂ ਦਿੱਤੇ ਗਏ ।