ਪੁਲਸ ਕਸਟਡੀ ਦੌਰਾਨ ਨੌਜਵਾਨ ਦੀ ਮੌਤ ਦਾ ਮਾਮਲਾ ਭਖਿਆ

ਅੰਮ੍ਰਿਤਸਰ, 1 ਅਪ੍ਰੈਲ 2026 : ਮ੍ਰਿਤਕ ਡੀ. ਐਮ. ਗਗਨਦੀਪ ਰੰਧਾਵਾ ਦੇ ਘਰ ਵਿਚ ਬਿਜਲੀ ਦੀਆਂ ਤਾਰਾਂ ਕੱਟਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਨੌਜਵਾਨ ਦੀ ਪੁਲਸ ਕਸਟਡੀ (Police custody) ਵਿਚ ਮੌਤ ਹੋਣ ਦਾ ਪਤਾ ਚੱਲਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਇਲਾਕੇ ਵਿਚ ਜਿਸ ਡੀ. ਐਮ. ਵਲੋਂ ਖੁਦਕੁਸ਼ੀ ਕਰ ਲਈ ਗਈ ਸੀ ਦੇ ਘਰ ਵਿਚ ਬਿਜਲੀ ਦੀਆਂ ਤਾਰਾਂ ਕੱਟਣ ਦੇ ਮਾਮਲੇ ਵਿਚ ਜਿਨ੍ਹਾਂ ਦੋ ਨੌਜਵਾਨਾਂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਵਿਚੋਂ ਇਕ ਨੌਜਵਾਨ ਦੀ ਪੁਲਸ ਕਸਟਡੀ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ । ਜਿਸ ਨੌਜਵਾਨ ਦੀ ਮੌਤ ਹੋ ਗਈ ਹੈ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਤੇ ਹੀ ਮੌਤ ਹੋਣ ਤੇ ਗੰਭੀਰ ਦੋਸ਼ ਲਗਾਏ ਹਨ ।

ਕੌਣ ਹੈ ਇਹ ਨੌਜਵਾਨ

ਜਿਨ੍ਹਾਂ ਨੌਜਵਾਨਾਂ ਦੀ ਪੁਲਸ ਵਲੋਂ ਪੰਜ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਣੀ ਸੀ ਵਿਚੋਂ ਇਕ ਗੁਰਬਖਸ਼ ਸਿੰਘ (Gurbaksh Singh) ਦੀ ਤਬੀਅਤ ਖਰਾਬ ਹੋਣ ਦੇ ਚਲਦਿਆਂ ਮੌਤ ਹੋ ਗਈ ਹੈ । ਜਦੋਂ ਕਿ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਸ ਨੇ ਉਹਨਾਂ ਦੇ ਪੁੱਤਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਮੌਤ ਹੋਈ ਹੈ । ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਾਰ-ਬਾਰ ਪੁਲਸ ਨੂੰ ਨੌਜਵਾਨ ਦਾ ਢੰਗ ਨਾਲ ਇਲਾਜ ਕਰਵਾਉਣ ਲਈ ਕਿਹਾ ਤੇ ਇੱਥੋਂ ਤੱਕ ਕਿ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਵੀ ਗੱਲ ਕੀਤੀ, ਪਰ ਪੁਲਿਸ ਨੇ ਉਹਨਾਂ ਦੀ ਇੱਕ ਨਾ ਸੁਣੀ ।

ਕੀ ਆਖਿਆ ਥਾਣੇ ਦੇ ਐਸ. ਐਚ. ਓ. ਨੇ

ਇਸ ਸਬੰਧੀ ਥਾਣਾ ਰਣਜੀਤ ਐਵਨਿਊ ਦੇ ਥਾਣਾ ਮੁਖੀ ਰੋਬਿਨ ਹੰਸ (Police Chief Robin Hans) ਨੇ ਦੱਸਿਆ ਕਿ ਨੌਜਵਾਨ ਦੀ ਤਬੀਅਤ ਖਰਾਬ ਹੋਣ ‘ਤੇ ਉਸਦਾ ਮੈਡੀਕਲ ਕਰਵਾਇਆ ਗਿਆ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ । ਪੁਲਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਚਾਈ ਇਨਕੁਆਇਰੀ ਤੋਂ ਬਾਅਦ ਸਾਹਮਣੇ ਆਵੇਗੀ ।