Patiala Help Club Logo

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਸਵੀਮਿੰਗ ਪੂਲ ਦਾ ਉਦਘਾਟਨ

ਚੰਡੀਗੜ੍ਹ, 18 ਅਗਸਤ 2026 : ਪੰਜਾਬ ਦੇ ਜਿਲਾ ਸੰਗਰੂਰ ਵਿਖੇ ਅੱਜ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਵਲੋਂ ਓਲੰਪਿਕ ਪੱਧਰ ਦੇ ਸਵੀਮਿੰਗ ਪੂਲ (Swimming pool) ਦਾ ਉਦਘਾਟਨ ਕੀਤਾ ਗਿਆ ਹੈ ।

ਕਿੰਨੇ ਕਰੋੜ ਦੀ ਲਾਗਤ ਨਾਲ ਕੀਤਾ ਗਿਆ ਹੈ ਸਵੀਮਿੰਗ ਪੂਲ ਤਿਆਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਉਚਾਈ ਦੇਣ ਵੱਲ ਇਕ ਹੋਰ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਜੋ ਅੱਜ ਸੰਗਰੂਰ ਵਿਖੇ ਓਲੰਪਿਕ ਪੱਧਰ ਦੇ ਸਵੀਮਿੰਗ ਪੂਲ ਦਾ ਉਦਘਾਟਨ ਕੀਤਾ ਗਿਆ ਹੈ ਉਹ 9. 50 ਕਰੋੜ ਦੀ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ ਜਿਲ੍ਹਾ ਭਵਿੱਖ ਵਿੱਚ ਏਸ਼ੀਅਨ, ਵਿਸ਼ਵ ਅਤੇ ਓਲੰਪਿਕ ਪੱਧਰ ਦੇ ਚੈਂਪੀਅਨ ਖਿਡਾਰੀਆਂ ਦੀ ਨਰਸਰੀ ਵਜੋਂ ਉੱਭਰੇਗਾ ।

ਕਿਹੜੀਆਂ ਕਿਹੜੀਆਂ ਸਹੂਲਤਾਂ ਕਰਵਾਈਆਂ ਗਈਆਂ ਹਨ ਮੁਹੱਈਆ

ਪੰਜਾਬ ਸਰਕਾਰ (Punjab Government) ਵਲੋਂ ਜੋ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਸਵੀਮਿੰਗ ਪੂਲ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕੀਤਾ ਗਿਆ ਹੈ ਦੇ ਵਿਚ 50 ਮੀਟਰ ਲੰਬੇ ਅਤੇ 21 ਮੀਟਰ ਚੌੜੇ ਇਸ ਪੂਲ ਦੀ ਡੂੰਘਾਈ 4.5 ਤੋਂ 7.5 ਫੁੱਟ ਤੱਕ ਹੈ । ਖਿਡਾਰੀਆਂ ਲਈ ਆਧੁਨਿਕ ਚੇਂਜਿੰਗ ਰੂਮ, ਸ਼ਾਵਰ, ਕੋਚਾਂ ਲਈ ਵਿਸ਼ੇਸ਼ ਕਮਰੇ, ਸਟੋਰ ਰੂਮ ਅਤੇ ਜਿਮਨੇਜ਼ੀਅਮ ਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ । ਸੱਤ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੱਖਰਾ ਮਿੰਨੀ ਸਵਿਮਿੰਗ ਪੂਲ ਵੀ ਤਿਆਰ ਕੀਤਾ ਗਿਆ ਹੈ ।

ਸਰਕਾਰ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕਰ ਰਹੀ ਹੈ ਨਿਵੇੇਸ਼

ਖੇਡ ਸੱਭਿਆਚਾਰ (Sports culture) ਨੂੰ ਮੁੜ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ ’ਤੇ ਨਿਵੇਸ਼ ਕਰ ਰਹੀ ਹੈ ਪੰਜਾਬ ਸਰਕਾਰ । ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਖੇਡਾਂ ਦਾ ਬਜਟ 200 ਕਰੋੜ ਰੁਪਏ ਤੋਂ ਵੀ ਘੱਟ ਰਹਿੰਦਾ ਸੀ, ਉੱਥੇ ਹੁਣ ਇਸ ਨੂੰ ਵਧਾ ਕੇ 1,790 ਕਰੋੜ ਰੁਪਏ ਕਰ ਦਿੱਤਾ ਗਿਆ ਹੈ । ਖਿਡਾਰੀਆਂ ਨੂੰ ਸਿਖਲਾਈ ਲਈ ਅਗਾਊਂ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤਗਮੇ ਜਿੱਤਣ ਵਾਲਿਆਂ ਲਈ ਨਕਦ ਇਨਾਮਾਂ ਦੀ ਰਕਮ ਵਿੱਚ ਵੀ ਵਾਧਾ ਕੀਤਾ ਗਿਆ ਹੈ ।

ਪੰਜਾਬ ਕ੍ਰਿਕਟ ਪ੍ਰੀਮੀਅਰ ਲੀਗ ਅਤੇ ਪੰਜਾਬ ਹਾਕੀ ਲੀਗ ਵੀ ਹੋਵੇਗੀ ਪੰਜਾਬ ਵਿਚ ਸ਼ੁਰੂ

ਪੰਜਾਬ ਨੂੰ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਹੈ, ਜਦਕਿ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਕ੍ਰਿਕਟ ਪ੍ਰੀਮੀਅਰ ਲੀਗ ਅਤੇ ਪੰਜਾਬ ਹਾਕੀ ਲੀਗ ਵੀ ਸ਼ੁਰੂ ਕੀਤੀਆਂ ਜਾਣਗੀਆਂ । ਅਕਤੂਬਰ-ਨਵੰਬਰ ਦੌਰਾਨ ਮੋਹਾਲੀ ਅਤੇ ਜਲੰਧਰ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਮੁਕਾਬਲਿਆਂ ਦੀ ਮੇਜ਼ਬਾਨੀ ਵੀ ਕੀਤੀ ਜਾਵੇਗੀ ।

3100 ਖੇਡ ਮੈਦਾਨ ਕੀਤੇ ਜਾ ਰਹੇ ਹਨ ਪੰਜਾਬ ਵਿਚ ਵਿਕਸਤ

ਸੰਗਰੂਰ ਦਾ ਤੈਰਾਕੀ, ਬਾਕਸਿੰਗ ਅਤੇ ਹਾਕੀ ਵਿੱਚ ਸ਼ਾਨਦਾਰ ਇਤਿਹਾਸ ਰਿਹਾ ਹੈ ਅਤੇ ਨਵੀਆਂ ਸਹੂਲਤਾਂ ਨਾਲ ਖਿਡਾਰੀਆਂ ਨੂੰ ਹੋਰ ਬਿਹਤਰ ਮਾਹੌਲ ਮਿਲੇਗਾ । ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਖੇਡਾਂ ਰਾਹੀਂ ਨਵੀਆਂ ਉਚਾਈਆਂ ਨੂੰ ਛੂਹ ਸਕੇ । ਪੰਜਾਬ ਭਰ ਵਿੱਚ 3100 ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ । ਖੇਡਾਂ ਦੇ ਵਿਕਾਸ ਲਈ ਲੋੜੀਂਦੀਆਂ ਸਹੂਲਤਾਂ ਅਤੇ ਫੰਡਾਂ ਦੀ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।

Advertisement