ਪੇਡਾ ਵੱਲੋਂ ਸਾਲ 2025 `ਚ ਕੀਤੀ ਗਈ ਸ਼ਲਾਘਾਯੋਗ ਪ੍ਰਗਤੀ  : ਅਮਨ ਅਰੋੜਾ

ਚੰਡੀਗੜ੍ਹ, 19 ਦਸੰਬਰ 2025 : ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ (Aman Arora) ਨੇ ਕਿਹਾ ਕਿ ਰਾਜ ਨੂੰ ਖੇਤੀ ਰਹਿੰਦ-ਖੂੰਹਦ (Agricultural waste) ਦੇ ਪ੍ਰਭਾਵਸ਼ਾਲੀ ਨਿਪਟਾਰੇ ਅਤੇ ਸੌਰ ਊਰਜਾ (Solar energy) ਦੀ ਵਿਆਪਕ ਵਰਤੋਂ ਰਾਹੀਂ ਸਾਫ਼-ਸੁਥਰੇ ਅਤੇ ਟਿਕਾਉ ਭਵਿੱਖ ਵੱਲ ਲਿਜਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (Punjab Energy Development Agency) (ਪੇਡਾ) ਵੱਲੋਂ ਸਾਲ 2025 `ਚ ਨਵਿਆਉਣਯੋਗ ਊਰਜਾ ਖੇਤਰ `ਚ ਸ਼ਲਾਘਾਯੋਗ ਪ੍ਰਗਤੀ ਕੀਤੀ ਗਈ ਹੈ ।

ਕਿਥੇ ਕਿਥੇ ਕਿੰਨੀ ਮੈਗਾਵਾਟ ਦਾ ਸੋਲਰ ਪ੍ਰਾਜੈਕਟ ਕੀਤਾ ਗਿਆ ਹੈ ਸ਼ੁਰੂ

ਮੰਤਰੀ ਨੇ ਦੱਸਿਆ ਕਿ ਜੁਲਾਈ 2025 `ਚ ਬਠਿੰਡਾ ਜਿ਼ਲੇ ਦੇ ਪਿੰਡ ਭਾਗੀ ਬਾਂਦਰ `ਚ 4 ਮੈਗਾਵਾਟ ਦੀ ਸਮਰੱਥਾ ਵਾਲਾ ਸੋਲਰ ਪਾਵਰ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਦਕਿ ਕੋਠੇ ਮੱਲੂਆਣਾ ਅਤੇ ਸ਼ੇਰਗੜ੍ਹ ਵਿਚ 4-4 ਮੈਗਾਵਾਟ ਦੇ ਦੋ ਹੋਰ ਸੋਲਰ ਪ੍ਰਾਜੈਕਟ ਲਗਾਏ ਜਾ ਰਹੇ ਹਨ । ਖੇਤੀਬਾੜੀ ਖੇਤਰ ਨੂੰ ਕਾਰਬਨ ਮੁਕਤ ਬਣਾਉਣ ਲਈ ਪੀਰਕੋਟ ਫੀਡਰ `ਤੇ 16 ਸੋਲਰ ਗਰਿੱਡ-ਕਨੈਕਟਡ ਖੇਤੀਬਾੜੀ ਪੰਪ ਲਗਾਏ ਗਏ ਹਨ । ਉਨ੍ਹਾਂ ਦੱਸਿਆ ਕਿ ਰਾਜ ਵਿਚ 4850 ਆਫ-ਗਰਿੱਡ ਸੋਲਰ ਵਾਟਰ ਪੰਪ ਲਗਾਏ ਜਾ ਚੁੱਕੇ ਹਨ ਅਤੇ ਮਾਡਲ ਸੋਲਰ ਵਿਲੇਜ ਯੋਜਨਾ ਤਹਿਤ 277 ਪਿੰਡਾਂ ਦੀ ਪਛਾਣ ਕੀਤੀ ਗਈ ਹੈ ।