ਮੇਰਠ, 14 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਅਦਾਲਤ ਵਲੋਂ ਮੇਰਠ ਕਤਲ ਕੇਸ ਮਾਮਲੇ ਵਿਚ ਦੋਹਾਂ ਨੂੰ ਮੌਤ ਦੀ ਸਜ਼ਾ (Death penalty) ਸੁਣਾਏ ਜਾਣ ਦਾ ਸਮਾਚਾਰ ਹੋਇਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਮੇਰਠ ਦੇ ਬਹੁ-ਚਰਚਿਤ ਸੌਰਭ ਰਾਜਪੂਤ ਹੱਤਿਆਕਾਂਡ (Saurabh Rajput murder case) ਮਾਮਲੇ ਵਿਚ ਸ਼ਾਮਲ ਜਿਨ੍ਹਾਂ ਦੋਹਾਂ ਦੋਸ਼ੀਆਂ ਨੂੰ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ ਦੀ ਪਛਾਣ ਮੁਸਕਾਨ ਅਤੇ ਸਾਹਿਲ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਾਂਡ ਨੀਲੇ ਡਰੰਮ ਦੇ ਨਾਮ ਨਾਲ ਪ੍ਰਸਿੱਧ ਹੋਇਆ ਸੀ ।
ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ‘ਤੇ ਮੁਸਕਾਨ ਨੇ ਕੀ ਆਖਿਆ
ਉਕਤ ਕਤਲ ਕਾਂਡ ਮਾਮਲੇ ਵਿਚ ਜਿਲਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਸਜ਼ਾ `ਤੇ ਸੁਣਵਾਈ ਹੋਈ, ਦੌਰਾਨ ਮੁਸਕਾਨ ਨੇ ਕਿਹਾ ਕਿ ਉਸ ਦੀਆਂ ਦੋ ਧੀਆਂ ਹਨ ਉਨ੍ਹਾਂ ਦਾ ਖਿ਼ਆਲ ਰੱਖਿਆ ਜਾਵੇ । ਹਾਲਾਂਕਿ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਵੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਦੋਵਾਂ ਦੋਸ਼ੀਆਂ ਤੋਂ ਅਦਾਲਤ ਨੇ ਪੁੱਛਿਆ ਸੀ ਕਿ ਕੀ ਉਹ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੁੰਦੇ ਹਨ । ਦੋਵਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਕੁਝ ਨਹੀਂ ਕਹਿਣਾ ਹੈ ।
ਦੋਹਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤਾ ਗਿਆ ਸੀ ਪੇਸ਼
ਦੁਪਹਿਰ ਦੇ ਖਾਣੇ ਤੋਂ ਬਾਅਦ ਦੋਵਾਂ ਨੂੰ ਦੁਬਾਰਾ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਸਜ਼ਾ ਸੁਣਾਈ । ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਫ਼ੈਸਲਾ ਸੁਣਦੇ ਸਮੇਂ ਮੁਸਕਾਨ ਨੇ ਹੱਥ ਜੋੜੇ ਹੋਏ ਸਨ ਅਤੇ ਬਾਅਦ ਵਿੱਚ ਰੋਣ ਲੱਗੀ । ਸਾਹਿਲ ਸ਼ੁਕਲਾ ਦੀਆਂ ਅੱਖਾਂ ਵੀ ਨਮ ਹੋ ਗਈਆਂ ।
ਸਰਕਾਰੀ ਪੱਖ ਨੇ ਕੀਤੀ ਸੀ ਮੌਤ ਦੀ ਸਜ਼ਾ ਦੀ ਮੰਗ
ਇਸ ਮਾਮਲੇ ਵਿੱਚ ਸਰਕਾਰੀ ਪੱਖ ਨੇ ਅਪਰਾਧ ਦੀ ਗੰਭੀਰਤਾ ਅਤੇ ਕਰੂਰਤਾ ਦਾ ਹਵਾਲਾ ਦਿੰਦੇ ਹੋਏ ਦੋਵਾਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ । ਦੂਜੇ ਪਾਸੇ ਬਚਾਅ ਪੱਖ ਨੇ ਮੁਸਕਾਨ ਦੀਆਂ ਦੋਵਾਂ ਧੀਆਂ ਦੇ ਭਵਿੱਖ ਅਤੇ ਪਰਵਰਿਸ਼ ਦਾ ਹਵਾਲਾ ਦੇ ਕੇ ਅਦਾਲਤ ਨੂੰ ਨਰਮੀ ਵਰਤਣ ਦੀ ਅਪੀਲ ਕੀਤੀ ਸੀ ।








