ਚੰਡੀਗੜ੍ਹ, 26 ਮਈ 2026 : ਪੰਜਾਬ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ (C. B. I. Court) ਨੇ ਸਾਬਕਾ ਡੀ. ਆਈ. ਜੀ. ਭੁੱਲਰ ਮਾਮਲੇ ਵਿਚ ਬਚਾਅ ਪੱਖ ਦੀ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ ।
ਕੀ ਸੀ ਅਜਿਹਾ ਅਰਜੀ ਵਿਚ ਕਿ ਰੱਦ ਹੀ ਕਰ ਦਿੱਤੀ ਗਈ
ਰਿਸ਼ਵਤ ਮਾਮਲੇ `ਚ ਫਸੇ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (D. I. G. Harcharan Singh Bhullar) ਵਿਰੁੱਧ ਭ੍ਰਿਸ਼ਟਾਚਾਰ ਮਾਮਲੇ `ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਬਚਾਅ ਧਿਰ ਦੀ ਉਸ ਅਰਜ਼ੀ ਨੂੰ ਰੱਦ (Application rejected) ਕਰ ਦਿੱਤਾ ਹੈ, ਜਿਸ `ਚ ਅਣਰਿਲਾਇਡ ਦਸਤਾਵੇਜ਼ਾਂ ਦਾ ਵੇਰਵਾ ਦੇਣ ਦੀ ਮੰਗ ਕੀਤੀ ਗਈ ਸੀ । ਅਰਜ਼ੀ `ਚ ਕਿਹਾ ਗਿਆ ਸੀ ਕਿ 27 ਅਪ੍ਰੈਲ ਨੂੰ ਸੀ. ਬੀ. ਆਈ. ਨੇ ਮੁਲਜ਼ਮਾਂ ਨੂੰ ਅਣਰਿਲਾਇਡ ਦਸਤਾਵੇਜ਼ਾਂ ਤੇ ਆਰਟੀਕਲਜ਼ ਦੀ ਸੂਚੀ ਮੁਹੱਈਆ ਕਰਵਾਈ ਸੀ ਪਰ ਕੁਝ ਦਸਤਾਵੇਜ਼ਾਂ ਬਾਰੇ ਜ਼ਰੂਰੀ ਜਾਣਕਾਰੀ ਨਹੀਂ ਦਿੱਤੀ ਗਈ ।
ਕੀ ਆਖਿਆ ਮੁਲਜਮ ਧਿਰ ਨੇ
ਮੁਲਜ਼ਮ ਧਿਰ ਦਾ ਕਹਿਣਾ ਸੀ ਕਿ ਬਿਨਾਂ ਘੱਟੋ-ਘੱਟ ਬਿਓਰੇ ਤੋਂ ਇਹ ਸਮਝ ਸਕਣਾ ਸੰਭਵ ਨਹੀਂ ਹੈ ਕਿ ਸਬੰਧਤ ਦਸਤਾਵੇਜ਼ ਕਿਸ ਮੁਲਜ਼ਮ ਨਾਲ ਜੁੜੇ ਹਨ, ਉਨ੍ਹਾਂ ਦਾ ਵਿਸ਼ਾ ਤੇ ਅਹਿਮੀਅਤ ਕੀ ਹੈ । ਅਰਜ਼ੀ `ਚ ਖ਼ਾਸ ਤੌਰ `ਤੇ ਦੋ ਦਸਤਾਵੇਜ਼ਾਂ ਦਾ ਜਿ਼ਕਰ ਕੀਤਾ ਗਿਆ ਸੀ । ਸੀਰੀਅਲ ਨੰਬਰ 3 `ਤੇ ਦਰਜ ਨੋਟਬੁੱਕ ਦੇ ਸਬੰਧ ਵਿਚ ਨਾ ਤਾਂ ਜ਼ਬਤੀ ਦੀ ਮਿਤੀ ਤੇ ਨਾ ਹੀ ਸਥਾਨ ਸਪੱਸ਼ਟ ਹੈ ਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਫਾਰਮ ਕਿਸ ਦਾ ਹੈ । ਇਸ ਤੋਂ ਇਲਾਵਾ ਸੀਰੀਅਲ ਨੰਬਰ 4 ਵਿਚ ਲਾਕਰ ਆਪ੍ਰੇਸ਼ਨ ਮੈਮੋ ਨਾਲ ਸਬੰਧਤ ਬੈਂਕ ਤੇ ਲਾਕਰ ਦੇ ਮਾਲਕ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ । ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਬਚਾਅ ਧਿਰ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ।








