ਸਾਰੇ ਅੰਗਦਾਨੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖੋ : ਮਦਰਾਸ ਹਾਈ ਕੋਰਟ

ਚੇਨਈ, 26 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਤਾਲਮਿਨਾਡੂ (Talminadu) ਦੇ ਸ਼ਹਿਰ ਚੇਨਈ ਵਿਖੇ ਬਣੀ ਮਦਰਾਸ ਹਾਈਕੋਰਟ ਨੇ ਅੰਗ ਦਾਨ ਕਰਨ ਵਾਲਿਆਂ ਦੇ ਸਬੰਧ ਵਿਚ ਇਕ ਵਿਸ਼ੇਸ਼ ਹੁਕਮ ਦਿੱਤਾ ਹੈ ।

ਕੀ ਹੁਕਮ ਦਿੱਤਾ ਹੈ ਮਦਰਾਸ ਹਾਈਕੋਰਟ ਨੇ

ਮਦਰਾਸ ਹਾਈ ਕੋਰਟ ( Madras High Court) ਨੇ ਇੱਥੇ ਡਾਕਟਰੀ ਸਿੱਖਿਆ ਅਤੇ ਖੋਜ ਡਾਇਰੈਕਟੋਰੇਟ ਨੂੰ ਹੁਕਮ ਦਿੱਤਾ ਹੈ ਕਿ ਉਹ ਸਾਰੇ ਅੰਗਦਾਨੀਆਂ (ਓਰਗਨ ਡੋਨਰ) ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖੇ ਅਤੇ ਗੁਰਦਾ ਰੋਗ ਤੋਂ ਪੀੜਤ ਇਕ ਮਰੀਜ਼ ਲਈ ਟਰਾਂਸਪਲਾਂਟ ਦੀ ਮਨਜ਼ੂਰੀ ਦੇਵੇ । ਜਸਟਿਸ ਪੀ. ਟੀ. ਆਸ਼ਾ ਨੇ ਕਿਹਾ ਕਿ ਗੈਰ-ਰਿਸ਼ਤੇਦਾਰਾਂ ਵਿਚਾਲੇ ਅੰਗਦਾਨ (Organ donation) ਦਾ ਮੁਲਾਂਕਣ ਗਣਿਤਕ ਕਸੌਟੀਆਂ `ਤੇ ਕਰਨਾ ਜਾਂ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਅਵਿਵਹਾਰਕ ਹੋਵੇਗਾ ।ਅਦਾਲਤ ਇਕ ਮਰੀਜ਼ ਅਤੇ ਉਸ ਦੇ ਸੰਭਾਵੀ ਡੋਨਰ ਵੱਲੋਂ ਦਾਇਰ ਪਟੀਸ਼ਨਾਂ (Petitions filed) `ਤੇ ਸੁਣਵਾਈ ਕਰ ਰਹੀ ਸੀ ।

ਅਦਾਲਤ ਨੇ ਅੰਗ ਦਾਨ ਮਾਮਲੇ ਵਿਚ ਕੀ ਆਖਿਆ

ਪਟੀਸ਼ਨਰਾਂ ਨੇ ਡਾਕਟਰੀ ਸਿੱਖਿਆ ਅਤੇ ਖੋਜ ਡਾਇਰੈਕਟੋਰੇਟ ਦੀ ਅਥਾਰਟੀ ਕਮੇਟੀ ਨੂੰ ਅੰਗ ਟਰਾਂਸਪਲਾਂਟ ਦੀ ਮਨਜ਼ੂਰੀ ਦੇਣ ਦਾ ਹੁਕਮ ਦੇਣ ਦੀ ਅਪੀਲ ਕੀਤੀ ਸੀ। ਅਦਾਲਤ ਨੇ ਕਿਹਾ ਕਿ ਅੰਗਦਾਨੀ ਮਰੀਜ਼ ਦੇ ਮਾਸੜ ਦਾ ਭਰਾ ਹੈ ਅਤੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅੰਗ ਦਾਨ ਕਰਨ ਦੀ ਪੇਸ਼ਕਸ਼ ਕੀਤੀ । ਅਦਾਲਤ ਨੇ ਕਿਹਾ ਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੁਝ ਰਹਿਮ ਦਿਲ ਵਿਅਕਤੀ ਪਰਿਵਾਰ ਦੇ ਮੈਂਬਰ ਜਾਂ ਮਿੱਤਰ ਨੂੰ ਨਵਾਂ ਜੀਵਨ ਦੇਣ ਲਈ ਨਿਸ਼ਕਾਮ ਭਾਵ ਨਾਲ ਆਪਣੇ ਅੰਗ ਦਾਨ ਕਰਨ ਨੂੰ ਤਿਆਰ ਹੁੰਦੇ ਹਨ। ਅਜਿਹੇ `ਚ ਗੈਰ-ਰਿਸ਼ਤੇਦਾਰਾਂ ਦੇ ਵਿਚਕਾਰ ਹਰ ਅੰਗਦਾਨ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਜਾਂ ਉਸ ਨੂੰ ਗਣਿਤਕ ਮਾਪਦੰਡਾਂ ’ਤੇ ਪਰਖਣਾ ਠੀਕ ਨਹੀਂ ਹੈ ।