ਦੋ ਯਾਤਰੀਆਂ ਤੋਂ ਮੁੰਬਈ ਹਵਾਈ ਅੱਡੇ ‘ਤੇ ਕਰੋੜਾਂ ਰੁਪਏ ਦਾ ਸੋਨਾ ਜਬਤ

ਮੁੰਬਈ, 12 ਮਈ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ (International airports) ‘ਤੇ ਕਸਟਮ ਵਿਭਾਗ ਵਲੋਂ ਕਰੋੜਾਂ ਰੁਪਏ ਦਾ ਸੋਨਾ ਜਬਤ (Gold seized) ਕੀਤਾ ਗਿਆ ਹੈ ।

ਕਿੰਨੇ ਕਰੋੜ ਦਾ ਸੋਨਾ ਕੀਤਾ ਗਿਆ ਹੈ ਜਬਤ

ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ (Customs Department) ਨੇ ਦੁਬਈ ਤੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 3.15 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਵਿੱਤੀ ਪੇਸ਼ੇਵਰ ਹੈ । ਇੱਕ ਅਧਿਕਾਰੀ ਨੇ ਆਖਿਆ ਹੈ ਕਿ ਇਹ ਕਾਰਵਾਈ ਮੁੰਬਈ ਕਸਟਮਜ਼ ਦੀ ਹਵਾਈ ਅੱਡਾ ਇਕਾਈ ਵੱਲੋਂ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਸ਼ਨੀਵਾਰ ਅਤੇ ਐਤਵਾਰ ਵਿਚਕਾਰ ਕੀਤੀ ਗਈ ਸੀ ।

ਕੀ ਸਾਹਮਣੇ ਆਇਆ ਸ਼ੁਰੂਆਤ ਜਾਂਚ ਵਿਚ

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿੱਤੀ ਪੇਸ਼ੇਵਰ ਅਮਰੀਕਾ-ਇਰਾਨ ਟਕਰਾਅ ਅਤੇ ਦੁਬਈ ਖੇਤਰ ਵਿੱਚ ਵਧਦੀਆਂ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਆਪਣੀ ਦੌਲਤ ਨੂੰ ਸੋਨੇ ਵਿੱਚ ਬਦਲ ਕੇ ਭਾਰਤ ਵਿੱਚ ਤਸਕਰੀ ਕਰ ਰਿਹਾ ਸੀ । ਅਧਿਕਾਰੀ ਦੇ ਅਨੁਸਾਰ ਯਾਤਰੀ ਕਸਟਮ ਡਿਊਟੀਆਂ ਤੋਂ ਬਚ ਕੇ ਆਪਣੀ ਦੌਲਤ ਦੀ ਰੱਖਿਆ ਕਰਨਾ ਚਾਹੁੰਦਾ ਸੀ । ਉਸ ਤੋਂ 1.74 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ।

ਕਸਟਮ ਨੇ ਸੋਨੇ ਦਾ ਪਾਊਡਰ ਵੀ ਕੀਤਾ ਹੈ ਹੋਰ ਯਾਤਰੀ ਕੋਲੋਂ ਬਰਾਮਦ

ਇੱਕ ਹੋਰ ਮਾਮਲੇ ਵਿੱਚ ਕਸਟਮ ਅਧਿਕਾਰੀਆਂ ਨੇ ਐਡਵਾਂਸਡ ਪੈਸੰਜਰ ਇਨਫਰਮੇਸ਼ਨ ਸਿਸਟਮ ਦੀ ਵਰਤੋਂ ਕਰਦੇ ਹੋਏ, ਹਵਾਈ ਅੱਡੇ `ਤੇ ਪਹੁੰਚਣ `ਤੇ ਇੱਕ ਯਾਤਰੀ ਨੂੰ ਫੜ ਲਿਆ । ਉਨ੍ਹਾਂ ਨੇ ਇੱਕ ਵੱਡੇ ਸਿਗਰਟ ਪੈਕੇਟ ਵਿੱਚ ਮੋਮ ਦੇ ਅੰਦਰ ਛੁਪਾਇਆ ਹੋਇਆ ਸੋਨੇ ਦਾ ਪਾਊਡਰ ਬਰਾਮਦ ਕੀਤਾ । ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਪੈਕੇਟ ਵਿੱਚ ਚਾਰ ਪਾਊਚ ਸਨ ਜਿਨ੍ਹਾਂ ਵਿੱਚ 1,020 ਗ੍ਰਾਮ ਸੋਨਾ ਸੀ ਜਿਸਦੀ ਕੀਮਤ 1.41 ਕਰੋੜ ਸੀ । ਇਸ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਯਾਤਰੀਆਂ ਨੂੰ ਗ੍ਰਿਫਤਾਰ (Arrested) ਕਰ ਲਿਆ ਗਿਆ ਹੈ ।