Patiala Help Club Logo

ਬਜੁਰਗਾਂ ਲਈ ਸਰਕਾਰ ਨੇ ਕੀਤੀ ਐਲਡਰਲਾਈਨ 14567 ਸੇਵਾ ਸ਼ੁਰੂ

ਚੰਡੀਗੜ੍ਹ 3 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਦੇ ਬਜ਼ੁਰਗਾਂ ਦੀ ਮਦਦ ਲਈ ਇਕ ਵਿਸ਼ੇਸ਼ ਐਲਡਰਲਾਈਨ 14567 ਸੇਵਾ (Elderline 14567 service)  ਸ਼ੁਰੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਇਹ ਪਹਿਲਕਦਮੀ ਕਰਦੀ ਹੈ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ

ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ (Chief Minister)ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੋ ਪੰਜਾਬ ਸਰਕਾਰ ਵਲੋਂ “ਐਲਡਰਲਾਈਨ 14567” ਸੇਵਾ ਸ਼ੁਰੂ ਕੀਤੀ ਗਈ ਹੈ ਦੇ ਰਾਹੀਂ ਬਜ਼ੁਰਗਾਂ ਲਈ ਸਹਾਇਤਾ ਸੇਵਾਵਾਂ ਦਾ ਲਗਾਤਾਰ ਵਿਸਤਾਰ ਕਰਕੇ ਸੂਬੇ ਦੇ ਸੀਨੀਅਰ ਨਾਗਰਿਕਾਂ ਦੀ ਇੱਜ਼ਤ, ਸੁਰੱਖਿਆ ਅਤੇ ਤੰਦਰੁਸਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ । ਇਹ ਪਹਿਲਕਦਮੀ ਸੀਨੀਅਰ ਨਾਗਰਿਕਾਂ ਨੂੰ ਸਮੇਂ ਸਿਰ ਸਹਾਇਤਾ, ਕਾਨੂੰਨੀ ਮਾਰਗਦਰਸ਼ਨ ਅਤੇ ਕਈ ਤਰ੍ਹਾਂ ਦੀਆਂ ਜ਼ਰੂਰੀ ਸੇਵਾਵਾਂ ਸਰਲ ਅਤੇ ਪਹੁੰਚਯੋਗ ਢੰਗ ਨਾਲ ਪ੍ਰਦਾਨ ਕਰਦੀ ਹੈ ।

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਸੇਵਾ ਸਬੰਧੀ ਖੁਲਾਸਾ

ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ “ਐਲਡਰਲਾਈਨ 14567” ਸੂਬੇ ਦੇ ਬਜ਼ੁਰਗਾਂ ਲਈ ਇੱਕ ਭਰੋਸੇਯੋਗ ਸਹਾਇਤਾ ਵਜੋਂ ਉਭਰੀ ਹੈ । ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਪੰਜਾਬ ਭਰ ਤੋਂ ਪ੍ਰਾਪਤ 2.5 ਲੱਖ ਤੋਂ ਵੱਧ ਕਾਲਾਂ ਦਾ ਸਫਲਤਾਪੂਰਵਕ ਹੱਲ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਹੈਲਪਲਾਈਨ ਰਾਹੀਂ 91 ਬੇਸਹਾਰਾ ਬਜ਼ੁਰਗਾਂ (Helpless elderly) ਨੂੰ ਸਫਲਤਾਪੂਰਵਕ ਬਚਾਇਆ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ । ਇਸ ਤੋਂ ਇਲਾਵਾ, ਇਸਨੇ ਬਜ਼ੁਰਗਾਂ ਨਾਲ ਬਦਸਲੂਕੀ ਅਤੇ ਦੇਖਭਾਲ ਨਾਲ ਸਬੰਧਤ 1,000 ਤੋਂ ਵੱਧ ਮਾਮਲਿਆਂ ਨੂੰ ਹੱਲ ਕਰਨ, ਪ੍ਰਭਾਵਿਤ ਬਜ਼ੁਰਗ ਨਾਗਰਿਕਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ, ਉਨ੍ਹਾਂ ਦੀ ਇੱਜ਼ਤ ਬਹਾਲ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਕਿ ਕੋਈ ਵੀ ਬਜ਼ੁਰਗ ਵਿਅਕਤੀ ਮੁਸ਼ਕਲ ਹਾਲਾਤਾਂ ਵਿੱਚ ਬੇਵੱਸ ਨਾ ਮਹਿਸੂਸ ਕਰੇ ।

ਬਜ਼ੁਰਗ ਇੱਕ ਕੀਮਤੀ ਸੰਪਤੀ ਹਨ : ਡਾ. ਬਲਜੀਤ ਕੌਰ

ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਇੱਕ ਕੀਮਤੀ ਸੰਪਤੀ ਹਨ ਅਤੇ ਸਾਡੇ ਸਮਾਜ ਦੀ ਇੱਕ ਮਜ਼ਬੂਤ ਨੀਂਹ ਹਨ। ਉਹ ਸਤਿਕਾਰ, ਸੰਵੇਦਨਸ਼ੀਲ ਇਲਾਜ ਅਤੇ ਸੁਰੱਖਿਅਤ ਜੀਵਨ ਦੇ ਪੂਰੀ ਤਰ੍ਹਾਂ ਹੱਕਦਾਰ ਹਨ । ਪੰਜਾਬ ਸਰਕਾਰ ਪੂਰੀ ਗੰਭੀਰਤਾ ਅਤੇ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕੋਈ ਵੀ ਬਜ਼ੁਰਗ ਨਾਗਰਿਕ ਅਣਗੌਲਿਆ, ਅਸੁਰੱਖਿਅਤ ਜਾਂ ਬੇਸਹਾਰਾ ਮਹਿਸੂਸ ਨਾ ਕਰੇ । ਉਨ੍ਹਾਂ ਕਿਹਾ ਕਿ “ਐਲਡਰਲਾਈਨ 14567” ਸਿਰਫ਼ ਇੱਕ ਹੈਲਪਲਾਈਨ ਨਹੀਂ ਹੈ, ਸਗੋਂ ਲੋੜ ਦੇ ਸਮੇਂ ਬਜ਼ੁਰਗਾਂ ਨੂੰ ਵਿਸ਼ਵਾਸ, ਮਾਰਗਦਰਸ਼ਨ ਅਤੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ।

ਟੋਲ ਫ੍ਰੀ ਹੈਲਪਲਾਈਨ ਕਰਦੀ ਹੈ ਹਫ਼ਤੇ ਦੇ ਸੱਤੋਂ ਦਿਨ ਕੰਮ

ਕੈਬਨਿਟ ਮੰਤਰੀ (Cabinet Minister) ਨੇ ਦੱਸਿਆ ਕਿ ਪੰਜਾਬ ਵਿੱਚ “ਐਲਡਰਲਾਈਨ 14567” ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ, ਹੈਲਪਏਜ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਵਿਚਕਾਰ ਇੱਕ ਤ੍ਰਿਪੱਖੀ ਸਮਝੌਤੇ ਅਧੀਨ ਚਲਾਇਆ ਜਾਂਦਾ ਹੈ। ਇਹ ਟੋਲ-ਫ੍ਰੀ ਹੈਲਪਲਾਈਨ ਹਫ਼ਤੇ ਦੇ ਸੱਤ ਦਿਨ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਕੰਮ ਕਰਦੀ ਹੈ, ਜਿਸ ਵਿੱਚ ਸਿਖਲਾਈ ਪ੍ਰਾਪਤ ਅਤੇ ਸੰਵੇਦਨਸ਼ੀਲ ਕਾਲ ਅਫਸਰ ਬਜ਼ੁਰਗਾਂ ਨੂੰ ਤੁਰੰਤ ਸਹਾਇਤਾ ਅਤੇ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ।

ਹੈਲਪਲਾਈਨ ਕਰਦੀ ਹੈ ਬਜ਼ਰਗਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਦਾਨ

ਉਨ੍ਹਾਂ ਅੱਗੇ ਕਿਹਾ ਕਿ ਇਹ ਹੈਲਪਲਾਈਨ ਬੁਢਾਪਾ ਪੈਨਸ਼ਨਾਂ ਅਤੇ ਹੋਰ ਸਰਕਾਰੀ ਭਲਾਈ ਸਕੀਮਾਂ ਦੇ ਨਾਲ-ਨਾਲ ਪੇਸ਼ੇਵਰ ਸਲਾਹ, ਕਾਨੂੰਨੀ ਸਹਾਇਤਾ, ਅਤੇ ਬੇਸਹਾਰਾ ਬਜ਼ੁਰਗਾਂ ਦੇ ਬਚਾਅ ਅਤੇ ਪੁਨਰਵਾਸ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ । ਇਸ ਤੋਂ ਇਲਾਵਾ, ਇਹ “ਮਾਪਿਆਂ ਅਤੇ ਸੀਨੀਅਰ ਸਿਟੀਜ਼ਨਜ਼ ਦੀ ਦੇਖਭਾਲ ਅਤੇ ਭਲਾਈ ਐਕਟ-2007” ਅਧੀਨ ਗਠਿਤ ਜ਼ਿਲ੍ਹਾ ਟ੍ਰਿਬਿਊਨਲਾਂ ਰਾਹੀਂ ਬਜ਼ੁਰਗਾਂ ਨਾਲ ਦੁਰਵਿਵਹਾਰ, ਅਣਗਹਿਲੀ ਅਤੇ ਦੇਖਭਾਲ ਦੇ ਮਾਮਲਿਆਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।

ਲੋੜ ਪੈਣ ‘ਤੇ ਕੋਈ ਵੀ ਬਜ਼ੁਰਗ ਕਰੇ ਹੈਲਪਲਾਈਨ ਦੀ ਵਰਤੋਂ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੀਨੀਅਰ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਲੋੜ ਹੋਵੇ ਟੋਲ-ਫ੍ਰੀ ਹੈਲਪਲਾਈਨ ਨੰਬਰ 14567 ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ । ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਇੱਕ ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਹਮਦਰਦ ਸਮਾਜ ਦੇ ਨਿਰਮਾਣ ਲਈ ਵਚਨਬੱਧ ਹੈ ਜਿੱਥੇ ਹਰ ਸੀਨੀਅਰ ਨਾਗਰਿਕ ਆਪਣੀ ਜ਼ਿੰਦਗੀ ਮਾਣ, ਸੁਰੱਖਿਆ, ਵਿਸ਼ਵਾਸ ਅਤੇ ਮਨ ਦੀ ਸ਼ਾਂਤੀ ਨਾਲ ਜੀਅ ਸਕੇ ।

Advertisement