ਚੰਡੀਗੜ੍ਹ, 8 ਜੁਲਾਈ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿਚ ਬੀਤੇ ਦਿਨੀਂ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀ ਰੈਗੂਲਰ ਜ਼ਮਾਨਤ (Regular bail) ਨੂੰ ਲੈ ਕੇ ਸੁਣਵਾਈ ਹੋਈ ।
ਭੁੱਲਰ ਦੀ ਪਟੀਸ਼ਨ ‘ਤੇ ਕੀਤਾ ਗਿਆ ਸੀ. ਬੀ. ਆਈ. ਨੂੰ ਨੋਟਿਸ ਜਾਰੀ
ਮਿਲੀ ਜਾਣਕਾਰੀ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. (Suspended D. I. G.) ਹਰਚਰਨ ਸਿੰਘ ਭੁੱਲਰ ਜਿਨ੍ਹਾਂ ਦੀ ਰੈਗੂਲਰ ਜ਼ਮਾਨਤ ਪਟੀਸ਼ਨ ’ਤੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਸੁਣਵਾਈ ਹੋਈ ਦੌਰਾਨ ਪਟੀਸ਼ਨ ’ਤੇ ਕੇਂਦਰੀ ਜਾਂਚ ਬਿਊਰੋ ਨੂੰ ਨੋਟਿਸ ਜਾਰੀ ਕੀਤਾ ਗਿਆ । ਸੀ. ਬੀ. ਆਈ. (C. B. I.) ਨੇ ਮਾਮਲੇ ’ਚ ਆਪਣਾ ਜਵਾਬ ਵੀ ਦਾਖ਼ਲ ਕਰ ਦਿੱਤਾ । ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 17 ਜੁਲਾਈ ਤੱਕ ਮੁਲਤਵੀ ਕਰ ਦਿੱਤੀ । ਹੁਣ ਅਗਲੀ ਸੁਣਵਾਈ ’ਤੇ ਜ਼ਮਾਨਤ ਪਟੀਸ਼ਨ ’ਤੇ ਵਿਸਥਾਰਤ ਬਹਿਸ ਹੋਵੇਗੀ ।
ਕੀ ਆਖਿਆ ਗਿਆ ਪਟੀਸ਼ਨ ਵਿਚ
ਪਟੀਸ਼ਨ ’ਚ ਭੁੱਲਰ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ ਤੇ ਜਾਂਚ ਏਜੰਸੀ ਚਾਰਜਸ਼ੀਟ ਵੀ ਅਦਾਲਤ ’ਚ ਦਾਖ਼ਲ ਕਰ ਚੁੱਕੀ ਹੈ । ਇਸ ਕਾਰਨ ਹੁਣ ਉਨ੍ਹਾਂ ਦੀ ਅੱਗੇ ਦੀ ਹਿਰਾਸਤ ਦੀ ਜ਼ਰੂਰਤ ਨਹੀਂ ਰਹਿ ਗਈ ਹੈ । ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਇਸਤਗਾਸਾ ਦੇ ਜਿ਼ਆਦਾਤਰ ਗਵਾਹ ਸਰਕਾਰੀ ਅਧਿਕਾਰੀ ਹਨ । ਇਸ ਤੋਂ ਇਲਾਵਾ ਭੁੱਲਰ ਆਪ ਵੀ ਮੁਅੱਤਲ ਹਨ, ਇਸ ਲਈ ਉਨ੍ਹਾਂ ਵੱਲੋਂ ਕਿਸੇ ਗਵਾਹ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ ।








