ਆਸਾਰਾਮ ਬਾਪੂ ਦੀ ਉਮਰ ਕੈਦ ਦੀ ਸਜ਼ਾ ਨੂੰ ਹਾਈਕੋਰਟ ਨੇ ਰੱਖਿਆ ਬਰਕਰਾਰ

ਜੋਧਪੁਰ, 27 ਮਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਵਿਖੇ ਬਣੀ ਰਾਜਸਥਾਨ ਹਾਈਕੋਰਟ (Rajasthan High Court) ਦੇ ਜੋਧਪੁਰ ਬੈਂਚ ਨੇ ਆਸਾਰਾਮ ਰਾਮ ਬਾਪੂ (Asaram Ram Bapu) ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖ ਦਿੱਤਾ ਹੈ ।

ਕਿਸ ਮਾਮਲੇ ਵਿਚ ਰੱਖਿਆ ਗਿਆ ਹੈ ਫ਼ੈਸਲਾ ਬਰਕਰਾਰ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ (Jodhpur Bench) ਨੇ ਅੱਜ ਆਸਾਰਾਮ ਬਾਪੂ ਦੀ ਸਜ਼ਾ `ਤੇ ਇਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ, ਜਿਸ ਵਿਚ ਇਕ ਨਾਬਾਲਗ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਉਸ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ । ਜਸਟਿਸ ਅਰੁਣ ਮੋਂਗਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੀ ਡਵੀਜ਼ਨ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ ।

ਹਾਈਕੋਰਟ ਨੇ ਰੱਖ ਲਿਆ ਸੀ ਫ਼ੈਸਲਾ ਸੁਰੱਖਿਅਤ

ਅਦਾਲਤ ਨੇ ਇਸ ਮਾਮਲੇ ਵਿਚ ਸਹਿ-ਦੋਸ਼ੀ ਸਿ਼ਲਪੀ ਅਤੇ ਸ਼ਰਤਚੰਦਰ ਨੂੰ ਵੀ ਬਰੀ ਕਰ ਦਿੱਤਾ । 20 ਅਪ੍ਰੈਲ ਨੂੰ ਸੁਣਵਾਈ ਖ਼ਤਮ ਹੋਣ ਤੋਂ ਬਾਅਦ ਹਾਈ ਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ । ਅੰਤਰਿਮ ਜ਼ਮਾਨਤ ’ਤੇ ਚੱਲ ਰਹੇ ਆਸਾਰਾਮ ਨੂੰ ਹੁਣ ਆਤਮ ਸਮਰਪਣ ਕਰਨਾ ਪਵੇਗਾ । ਹਾਈ ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਕਿ ਪੀੜਤਾ ਵੱਲੋਂ ਲਗਾਏ ਗਏ ਜਬਰ ਜਨਾਹ (Rape) ਦੇ ਮੁੱਖ ਦੋਸ਼ ਭਰੋਸੇਯੋਗ ਹਨ ਅਤੇ ਕਾਫ਼ੀ ਸਬੂਤਾਂ ਦੁਆਰਾ ਸਮਰਥਤ ਹਨ। ਇਸ ਆਧਾਰ `ਤੇ ਅਦਾਲਤ ਨੇ ਧਾਰਾ 376 ਦੇ ਤਹਿਤ ਆਸਾਰਾਮ ਦੀ ਸਜ਼ਾ ਅਤੇ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ।

ਬਚਾਅ ਪੱਖ ਤੇ ਇਸਤਗਾਸਾ ਪੱਖ ਨੇ ਕੀਤੀਆਂ ਸੀ ਦਲੀਲਾਂ ਪੇਸ਼

ਸੁਣਵਾਈ ਦੌਰਾਨ ਬਚਾਅ ਪੱਖ ਅਤੇ ਇਸਤਗਾਸਾ ਪੱਖ ਨੇ ਆਪਣੇ-ਆਪਣੇ ਬਚਾਅ ਪੱਖ ਦੇ ਸਮਰਥਨ ਵਿਚ ਵਿਸਤ੍ਰਿਤ ਦਲੀਲਾਂ ਪੇਸ਼ ਕੀਤੀਆਂ । ਬਚਾਅ ਪੱਖ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਪੂਰਾ ਮਾਮਲਾ ਮਨਘੜਤ ਹੈ ਅਤੇ ਪੀੜਤ ਦੇ ਮਾਪਿਆਂ ਦੇ ਬਿਆਨਾਂ ਵਿਚ ਕਈ ਵਿਰੋਧਾਭਾਸ ਹਨ । ਵਕੀਲਾਂ ਨੇ ਇਹ ਵੀ ਦਲੀਲ ਦਿੱਤੀ ਕਿ ਘਟਨਾ ਵਾਲੀ ਰਾਤ ਆਸਾਰਾਮ ਅਤੇ ਪੀੜਤ ਵਿਚਕਾਰ ਕੋਈ ਕਾਲ ਰਿਕਾਰਡ ਮੌਜੂਦ ਨਹੀਂ ਸੀ । “ਸਮਾਨਤਾ ਦੇ ਸਿਧਾਂਤ” ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦਲੀਲ ਦਿੱਤੀ ਕਿ ਆਸਾਰਾਮ ਨੂੰ ਉਨ੍ਹਾਂ ਸਬੂਤਾਂ ਦੇ ਆਧਾਰ `ਤੇ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ, ਜੋ ਹੇਠਲੀ ਅਦਾਲਤ ਨੇ ਦੂਜੇ ਦੋਸ਼ੀਆਂ ਨੂੰ ਰਾਹਤ ਦੇਣ ਲਈ ਵਰਤੇ ਸਨ ।