ਗ੍ਰਹਿ ਵਿਭਾਗ ਹਫ਼ਤੇ ਅੰਦਰ ਲਵੇ ਅੰਮ੍ਰਿਤਪਾਲ ਦੀ ਪਟੀਸ਼ਨ `ਤੇ ਫ਼ੈਸਲਾ : ਹਾਈ ਕੋਰਟ

ਚੰਡੀਗੜ੍ਹ, 22 ਨਵੰਬਰ 2025 : ਪੰਜਾਬ ਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪੰਜਾਬ ਦੇ ਗ੍ਰਹਿ ਵਿਭਾਗ (Home Department)  ਨੂੰ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮਿਤਪਾਲ ਸਿੰਘ ਦੀ ਪਟੀਸ਼ਨ `ਤੇ ਇਕ ਹਫ਼ਤੇ ਅੰਦਰ ਫ਼ੈਸਲਾ ਕਰਨ ਲਈ ਕਿਹਾ ਹੈ । ਇਹ ਪਟੀਸ਼ਨ ਸਰਦ ਰੁੱਤ ਇਜਲਾਸ `ਚ ਸ਼ਾਮਲ ਹੋਣ ਲਈ ਉਨ੍ਹਾਂ ਦੀ ਅਸਥਾਈ ਰਿਹਾਈ ਨਾਲ ਜੁੜੀ ਹੈ । ਅਦਾਲਤ ਨੇ ਕਿਹਾ ਕਿ ਫ਼ੈਸਲਾ ਸੰਭਵ ਹੋਵੇ ਤਾਂ ਸੰਸਦੀ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਲਿਆ ਜਾਵੇ ਤੇ ਇਸ ਸਬੰਧੀ ਅੰਮ੍ਰਿਤਪਾਲ ਸਿੰਘ ਨੂੰ ਸੂਚਿਤ ਵੀ ਕੀਤਾ ਜਾਵੇ ।

ਅੰਮ੍ਰਿਤਪਾਲ ਸਿੰਘ ਬੰਦ ਹੈ ਐਨ. ਐਸ. ਏ. ਤਹਿਤ ਡਿਬਰੂਗੜ੍ਹ ਜੇਲ ਵਿਚ ਬੰਦ

ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੀ ਬੈਂਚ ਨੇ ਇਹ ਹੁਕਮ ਉਸ ਪਟੀਸ਼ਨ `ਤੇ ਸੁਣਵਾਈ ਦੌਰਾਨ ਦਿੱਤਾ, ਜਿਸ `ਚ ਅੰਮ੍ਰਿਤਪਾਲ ਸਿੰਘ (Amritpal Singh) ਨੇ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ `ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ । ਉਹ ਫਿ਼ਲਹਾਲ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਤਹਿਤ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ `ਚ ਬੰਦ ਹੈ ।

ਅੰਮ੍ਰਿਤਪਾਲ ਸਿੰਘ ਨੇ ਕੀਤੀ ਹੈ ਅੰਤਰਿਮ ਰਿਹਾਈ ਜਾਂ ਪੈਰੋਲ ਦੀ ਮੰਗ

ਅੰਮ੍ਰਿਤਪਾਲ ਸਿੰਘ ਨੇ ਅੰਤ੍ਰਿਮ ਰਿਹਾਈ ਜਾਂ ਪੈਰੋਲ (Interim release or parole) ਦੀ ਮੰਗ ਕੀਤੀ ਹੈ ਤਾਂ ਕਿ ਉਹ ਸੰਸਦ `ਚ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਉਠਾ ਸਕਣ । ਉਨ੍ਹਾਂ ਨੇ ਬਦਲਵੇਂ ਰੂਪ `ਚ ਇਹ ਅਪੀਲ ਵੀ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਸੰਸਦ `ਚ ਮੌਜੂਦਗੀ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕਰੇ । ਉਨ੍ਹਾਂ ਨੇ 13 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲਾ, ਪੰਜਾਬ ਸਰਕਾਰ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਆਪਣੇ ਪ੍ਰਤੀਨਿਧੀ ਪੱਤਰ ਭੇਜੇ ਸਨ, ਜਿਨ੍ਹਾਂ `ਤੇ ਫ਼ੈਸਲਾ ਲੈਣ ਦੀ ਅਪੀਲ ਹਾਈ ਕੋਰਟ ਨੂੰ ਕੀਤੀ ਗਈ ਸੀ ।