ਮੁੰਬਈ ਪੁਲਸ ਨੇ ਲੋੜੀਂਦੇ ਦੋ ਖਤਰਨਾਕ ਗੈਂਗਸਟਰਾਂ ਨੂੰ ਕੀਤਾ ਏਅਰਪੋਰਟ ਤੋਂ ਗ੍ਰਿਫ਼ਤਾਰ

ਮੁੰਬਈ, 27 ਮਈ 2026 : ਗੈਂਗਸਟਰਾਂ (Gangsters) ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੁੰਬਈ ਏਅਰਪੋਰਟ (Mumbai Airport) ਤੋਂ ਦੋ ਗੈਂਗਸਟਰਾਂ ਨੂੰ ਵਿਦੇਸ਼ ਭੱਜਦੇ ਵੇਲੇ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ (Punjab Police) ਅਤੇ ਮੁੰਬਈ ਪੁਲਸ ਦੇ ਸਾਂਝੇ ਯਤਨਾਂ ਸਦਕਾ ਗੈਂਗਸਟਰਾਂ ਖਿ਼ਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਸ ਨੂੰ ਵੱਖ-ਵੱਖ ਸੰਗੀਨ ਮਾਮਲਿਆਂ ਵਿੱਚ ਲੋੜੀਂਦੇ ਦੋ ਖ਼ਤਰਨਾਕ ਗੈਂਗਸਟਰਾਂ ਜਸਵੰਤ ਸਿੰਘ ਉਰਫ਼ ਜੱਸਾ ਅਤੇ ਕਰਨ ਕੀੜਾ ਨੂੰ ਮੁੰਬਈ ਪੁਲਸ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ । ਇਹ ਦੋਵੇਂ ਗੈਂਗਸਟਰ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ, ਜਿਨ੍ਹਾਂ ਨੂੰ ਐਨ ਮੌਕੇ `ਤੇ ਮੁਸਤੈਦੀ ਦਿਖਾਉਂਦੇ ਹੋਏ ਕਾਬੂ ਕਰ ਲਿਆ ਗਿਆ ।

ਦੋਵੇਂ ਸਨ ਪੰਜਾਬ ਵਿਚ ਵੱਖ-ਵੱਖ ਮਾਮਲਿਆਂ ਵਿਚ ਪੁਲਸ ਨੂੰ ਲੋੜੀਂਦੇ

ਪ੍ਰਾਪਤ ਜਾਣਕਾਰੀ ਅਨੁਸਾਰ, ਫੜੇ ਗਏ ਗੈਂਗਸਟਰਾਂ ਵਿੱਚੋਂ ਜਸਵੰਤ ਸਿੰਘ ਉਰਫ਼ ਜੱਸਾ (Jaswant Singh alias Jassa) ਦਾ ਸਬੰਧ ਸੂਬੇ ਦੇ ਨਾਮੀ ਦਵਿੰਦਰ ਬੰਬੀਹਾ ਗੈਂਗ ਨਾਲ ਹੈ। ਜੱਸਾ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਗੈਂਗਸਟਰ ਗਤੀਵਿਧੀਆਂ, ਫਿ਼ਰੌਤੀਆਂ ਅਤੇ ਹੋਰ ਅਪਰਾਧਿਕ ਮਾਮਲਿਆਂ ਵਿੱਚ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ ਅਤੇ ਪੁਲਿਸ ਸਰਗਰਮੀ ਨਾਲ ਉਸ ਦੀ ਤਲਾਸ਼ ਕਰ ਰਹੀ ਸੀ । ਉੱਥੇ ਹੀ ਦੂਜਾ ਗੈਂਗਸਟਰ ਕਰਨ ਕੀੜਾ (Gangster Karan Keera) ਇੱਕ ਪ੍ਰਮੁੱਖ ਅਕਾਲੀ ਕੌਂਸਲਰ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਹੈ । ਇਸ ਹਾਈ-ਪ੍ਰੋਫਾਈਲ ਕਤਲ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਪੁਲਿਸ ਨੂੰ ਚਕਮਾ ਦੇ ਕੇ ਪੰਜਾਬ ਤੋਂ ਬਾਹਰ ਭੱਜ ਗਿਆ ਸੀ । ਏਅਰਪੋਰਟ `ਤੇ ਸੁਰੱਖਿਆ ਏਜੰਸੀਆਂ ਅਤੇ ਮੁੰਬਈ ਪੁਲਸ ਦੀ ਚੌਕਸੀ ਕਾਰਨ ਉਹ ਦੇਸ਼ ਵਿੱਚੋਂ ਫ਼ਰਾਰ ਹੋਣ ਵਿੱਚ ਨਾਕਾਮ ਰਿਹਾ ।

ਪੰਜਾਬ ਪੁਲਸ ਦੀ ਟੀਮ ਦੋਹਾਂ ਨੂੰ ਲਿਆਉਣ ਲਈ ਮੁੰਬਈ ਲਈ ਹੋਵੇਗੀ ਰਵਾਨਾ

ਇਸ ਵੱਡੀ ਗ੍ਰਿਫ਼ਤਾਰੀ ਤੋਂ ਬਾਅਦ ਮੁੰਬਈ ਪੁਲਸ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ । ਦੱਸਿਆ ਜਾ ਰਿਹਾ ਹੈ ਕਿ ਦੋਵਾਂ ਖ਼ਤਰਨਾਕ ਮੁਲਜ਼ਮਾਂ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਜਲਦ ਹੀ ਮੁੰਬਈ ਲਈ ਰਵਾਨਾ ਹੋਵੇਗੀ । ਪੁਲਸ ਵੱਲੋਂ ਦੋਵਾਂ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕਰਕੇ ਟ੍ਰਾਂਜਿ਼ਟ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਨ੍ਹਾਂ ਨੂੰ ਪੰਜਾਬ ਲਿਆ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ । ਪੁਲਸ ਨੂੰ ਉਮੀਦ ਹੈ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਪੰਜਾਬ ਵਿੱਚ ਸਰਗਰਮ ਗੈਂਗਸਟਰ ਨੈੱਟਵਰਕ ਅਤੇ ਕਈ ਹੋਰ ਅਣਸੁਲਝੇ ਮਾਮਲਿਆਂ ਬਾਰੇ ਵੱਡੇ ਖ਼ੁਲਾਸੇ ਹੋ ਸਕਦੇ ਹਨ ।