ਨਵੀਂ ਦਿੱਲੀ, 18 ਫਰਵਰੀ 2026 : ਦਿੱਲੀ (Delhi) ਦੇ ਰੋਹਿਣੀ ਸਥਿਤ ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ਦੇ ਡਲਿਵਰੀ ਰੂਮ `ਚੋਂ ਇਕ ਨਵਜੰਮੇ ਬੱਚੇ (Newborn babies) ਨੂੰ ਕਥਿਤ ਤੌਰ `ਤੇ ਅਗਵਾ (Kidnapping) ਕਰ ਲਿਆ ਗਿਆ, ਜਿਸ ਪਿੱਛੋਂ ਵੱਡੇ ਪੱਧਰ `ਤੇ ਤਲਾਸ਼ੀ ਮੁਹਿੰਮ ਚਲਾਈ ਗਈ । ਸਿ਼ਕਾਇਤਕਰਤਾ ਦੀ ਪਛਾਣ ਨਰੇਲਾ ਦੀ ਰਹਿਣ ਵਾਲੀ ਸ਼ਾਹੀਨ ਵਜੋਂ ਹੋਈ ਹੈ ।
ਸਿ਼ਕਾਇਤਕਰਤਾ ਸ਼਼ਾਹੀਨ ਨੇ ਪੁਲਸ ਨੂੰ ਕੀ ਦੱਸਿਆ
ਸ਼ਾਹੀਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ 14 ਫਰਵਰੀ ਨੂੰ ਹਸਪਤਾਲ `ਚ ਬੱਚੇ ਨੂੰ ਜਨਮ ਦਿੱਤਾ ਸੀ । ਜਦੋਂ ਉਹ ਡਲਿਵਰੀ ਰੂਮ `ਚ ਸੀ ਤਾਂ ਇਕ ਅਣਜਾਣ ਔਰਤ ਜੋ ਲੱਗਭਗ 30 ਸਾਲ ਦੀ ਲੱਗਦੀ ਸੀ, ਅਕਸਰ ਉਸ ਕੋਲ ਆਉਂਦੀ ਸੀ ਤੇ ਉਸ ਨਾਲ ਗੱਲਾਂ ਕਰਦੀ ਸੀ । ਔਰਤ ਨੇ ਹੌਲੀ-ਹੌਲੀ ਉਸ ਦਾ ਭਰੋਸਾ ਜਿੱਤ ਲਿਆ । 17 ਫਰਵਰੀ ਨੂੰ ਸਵੇਰੇ 5 ਵਜੇ ਦੇ ਕਰੀਬ ਉਕਤ ਔਰਤ ਨੇ ਕਥਿਤ ਤੌਰ `ਤੇ ਦੁੱਧ ਪਿਲਾਉਣ ਦੇ ਬਹਾਨੇ ਨਵਜੰਮੇ ਬੱਚੇ ਨੂੰ ਸ਼ਾਹੀਨ ਕੋਲੋਂ ਲੈ ਲਿਆ । ਉਸ ਨੇ ਬੱਚਾ ਉਸ ਨੂੰ ਸੌਂਪ ਦਿੱਤਾ ਤੇ ਖੁਦ ਸੌਂ ਗਈ । ਜਦੋਂ ਉਹ ਸਵੇਰੇ 8 ਵਜੇ ਦੇ ਕਰੀਬ ਜਾਗੀ ਤਾਂ ਉਸ ਨੇ ਵੇਖਿਆ ਕਿ ਔਰਤ ਤੇ ਉਸ ਦਾ ਬੱਚਾ ਦੋਵੇਂ ਵਾਰਡ `ਚੋਂ ਗਾਇਬ ਸਨ ।


