ਚੰਡੀਗੜ੍ਹ, 25 ਅਗਸਤ 2026 : ਪ੍ਰਵਾਸੀ ਪੰਜਾਬੀਆਂ (Non-resident Punjabis) ਦੀਆਂ ਸਮੱਸਿਆਵਾਂ ਤੇ ਸਿਕਾਇਤਾਂ ਦੇ ਹੱਲ ਲਈ 26 ਅਗਸਤ ਨੂੰ ਬਠਿੰਡਾ ਵਿਖੇ ਐਨ. ਆਰ. ਆਈ. ਮਿਲਣੀ (N. R. I. Meeting) ਆਯੋਜਿਤ ਕੀਤੀ ਜਾਵੇਗੀ ।
ਕੀ ਦੱਸਿਆ ਐਨ. ਆਰ. ਆਈ. ਮਾਮਲਿਆਂ ਬਾਰੇ ਮੰਤਰੀ ਨੇ
ਪੰਜਾਬ ਦੇ ਐਨ. ਆਰ. ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ (Dr. Ravjot Singh) ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਿਲਣੀ ਮੌਕੇ ਪ੍ਰਵਾਸੀ ਪੰਜਾਬੀ ਆਪਣੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸਿੱਧੇ ਤੌਰ ’ਤੇ ਸੂਬੇ ਦੇ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਾਹਮਣੇ ਰੱਖ ਸਕਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਦੀ ਮੌਕੇ ’ਤੇ ਸੁਣਵਾਈ ਕਰਦਿਆਂ ਸਬੰਧਤ ਵਿਭਾਗਾਂ ਨਾਲ ਤਾਲਮੇਲ ਰਾਹੀਂ ਸੰਭਵ ਹੱਲ ਯਕੀਨੀ ਬਣਾਉਣਾ ਹੈ ।
ਕਿਹੜੇ ਕਿਹੜੇ ਜਿਲਿਆਂ ਦੇ ਪ੍ਰਵਾਸੀ ਪੰਜਾਬੀ ਭਾਰਤੀ ਹੋਣਗੇ ਸ਼ਾਮਲ
ਐਨ. ਆਰ. ਆਈ. ਮਿਲਣੀ ਦਾ ਵੇਰਵਾ ਦਿੰਦਿਆਂ ਐਨ. ਆਰ. ਆਈ ਮੰਤਰੀ ਨੇ ਦੱਸਿਆ ਕਿ ਇਹ ਮਿਲਣੀ 26 ਅਗਸਤ, ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ, ਹੋਟਲ ਸੇਪਲ, ਜੀ.ਟੀ. ਰੋਡ, ਨੇੜੇ ਤਿੰਨਕੋਨੀ, ਬਠਿੰਡਾ ਵਿਖੇ ਹੋਵੇਗੀ । ਉਨ੍ਹਾਂ ਦੱਸਿਆ ਕਿ ਇਸ ਐਨ. ਆਰ. ਆਈ. ਮਿਲਣੀ ਵਿੱਚ ਬਠਿੰਡਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਭਾਰਤੀ ਸ਼ਾਮਲ ਹੋ ਸਕਣਗੇ ।
ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਨੂੰ ਮੰਨਦੀ ਹੈ ਆਪਣੇ ਪਰਿਵਾਰ ਦਾ ਅਹਿਮ ਹਿੱਸਾ
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਪਰਿਵਾਰ ਦਾ ਅਹਿਮ ਹਿੱਸਾ ਮੰਨਦੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਿੱਧੇ ਸੰਵਾਦ, ਪਾਰਦਰਸ਼ਤਾ ਅਤੇ ਤੁਰੰਤ ਕਾਰਵਾਈ ਨੂੰ ਤਰਜੀਹ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਪੰਜਾਬ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਜਾਇਦਾਦ, ਪਰਿਵਾਰਕ, ਪ੍ਰਸ਼ਾਸਨਿਕ, ਕਾਨੂੰਨੀ ਅਤੇ ਹੋਰ ਸ਼ਿਕਾਇਤਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ।








