ਚੰਡੀਗੜ੍ਹ, 14 ਸਤੰਬਰ 2026 : `ਆਪ` ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਧਾਲੀਵਾਲ (MLA Kuldeep Dhaliwal) ਨੇ ਕਿਹਾ ਕਿ ਪੰਜਾਬ ਵਿਚ 15700 ਮੈਗਾਵਾਟ ਪੂਰੀ ਹੋਣ ਨਾਲ ਬਿਜਲੀ ਸੰਕਟ ਖਤਮ ਹੋ ਗਿਆ ਹੈ ।
ਹੋਰ ਕੀ ਕੀ ਆਖਿਆ ਵਿਧਾਇਕ ਧਾਲੀਵਾਲ ਨੇ
ਮਿਲੀ ਜਾਣਕਾਰੀ ਅਨੁਸਾਰ ਆਪ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 4-5 ਦਿਨਾਂ ਦਰਮਿਆਨ ਪੰਜਾਬ ਨੂੰ ਜਿਸ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ, ਉਹ ਕੇਂਦਰ ਸਰਕਾਰ ਦੇ ਨਾ-ਪੱਖੀ ਰਵੱਈਏ ਤੇ ਸੂਬੇ ਦਾ ਹੱਕ ਮਾਰਨ ਦੀ ਨੀਤੀ ਦਾ ਨਤੀਜਾ ਸੀ । ਹਾਲਾਂਕਿ ਮੁੱਖ ਮੰਤਰੀ (Chief Minister) ਭਗਵੰਤ ਮਾਨ ਤੇ ਪਾਵਰਕਾਮ ਅਧਿਕਾਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਪੰਜਾਬ ਹੁਣ ਇਸ ਸੰਕਟ `ਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਆਇਆ ਹੈ ।
ਪੰਜਾਬ ਦਾ ਆਪਣਾ ਅੰਦਰੂਨੀ ਉਤਪਾਦਨ ਕਿੰਨੇ ਮੈਗਾਵਾਟ ਤੱਕ ਗਿਆ ਹੈ ਪਹੁੰਚ
ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਅਤੇ ਨਾਭਾ ਦੇ ਨਿੱਜੀ ਥਰਮਲ ਪਲਾਂਟਾਂ ਦੇ ਯੂਨਿਟਾਂ `ਚ ਆਈ ਤਕਨੀਕੀ ਖ਼ਰਾਬੀ ਕਾਰਨ ਸਮੱਸਿਆ ਆਈ ਸੀ, ਜਿਸ ਨੂੰ ਹੁਣ ਪੂਰੀ ਤਰ੍ਹਾਂ ਠੀਕ ਕਰ ਲਿਆ ਗਿਆ ਹੈ । ਐਤਵਾਰ ਸਵੇਰੇ 6 ਵਜੇ ਤੋਂ ਪੂਰੇ ਪੰਜਾਬ `ਚ ਖੇਤੀਬਾੜੀ, ਇੰਡਸਟਰੀ ਅਤੇ ਘਰੇਲੂ ਖਪਤਕਾਰਾਂ ਨੂੰ ਬਿਨਾ ਕਿਸੇ ਕੱਟ ਤੋਂ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਦਾ ਆਪਣਾ ਅੰਦਰੂਨੀ ਉਤਪਾਦਨ 5300-5400 ਮੈਗਾਵਾਟ ਤੱਕ ਪਹੁੰਚ ਗਿਆ ਹੈ ਤੇ ਸੂਬੇ ਦੇ ਸਾਰੇ 10 ਥਰਮਲ ਯੂਨਿਟ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਹਨ ।
ਤਕਨੀਕੀ ਸੰਕਟ ਆਉਣ ਦੇ ਮਦਦ ਕਰਨ ਦਾ ਫਰਜ਼ ਹੈ ਕੇਂਦਰ ਸਰਕਾਰ ਦਾ
ਉਨ੍ਹਾਂ ਕਿਹਾ ਕਿ 15,700 ਮੈਗਾਵਾਟ ਦੀ ਕੁੱਲ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਸੂਬੇ `ਤੇ ਕੋਈ ਤਕਨੀਕੀ ਸੰਕਟ ਆਉਂਦਾ ਹੈ ਤਾਂ ਕੇਂਦਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਉਸ ਦੀ ਬਾਂਹ ਫੜੇ । ਅਜਿਹੇ ਔਖੇ ਸਮੇਂ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਂਹ ਛੱਡ ਦਿੱਤੀ । ਕੇਂਦਰੀ ਪੂਲ ਤੋਂ ਪੰਜਾਬ ਨੂੰ ਮਿਲਣ ਵਾਲੀ 1051 ਮੈਗਾਵਾਟ ਬਿਜਲੀ ਬੰਦ ਕਰ ਦਿੱਤੀ ਗਈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਹਰ ਹਾਲਾਤ `ਚ ਆਪਣੇ ਕਿਸਾਨਾਂ ਤੇ ਇੰਡਸਟਰੀ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਤੇ ਆਉਣ ਵਾਲੇ ਦਿਨਾਂ `ਚ ਵੀ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।








