ਪਟਿਆਲਾ, 4 ਨਵੰਬਰ 2026 : ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਇਕ ਵੱਡਾ ਸਿਆਸੀ ਧਮਾਕਾ ਹੋਇਆ ਜਦੋਂ ਪ੍ਰੋ. ਚੰਦੂਮਾਜਰਾ (Prof. Chandumajra) ਨੇ ਸ਼ੋ੍ਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਵੱਖ ਹੋਣ ਦਾ ਐਲਾਨ ਕੀਤਾ ।
ਕੀ ਸੱਦਾ ਦਿੱਤਾ ਗਿਆ ਹੈ ਪ੍ਰੋ. ਚੰਦੂਮਾਜਰਾ ਵਲੋਂ
ਮਿਲੀ ਜਾਣਕਾਰੀ ਅਨੁਸਾਰ ਸ਼ੋ੍ਮਣੀ ਅਕਾਲੀ ਦਲ ਪੁਨਰ ਸੁਰਜੀਤ (Shiromani Akali Dal Punar Surjit) ਤੋਂ ਵੱਖ ਹੋਣ ਦਾ ਐਲਾਨ ਕਰਦਿਆਂ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਨੂੰ ਇੱਕੋ ਮੰਚ ’ਤੇ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਸਾਂਝੀ ਲੜਾਈ ਲੜਨ ਨੂੰ ਸਮੇਂ ਦੀ ਮੁੱਖ ਲੋੜ ਕਰਾਰ ਦਿੱਤਾ ਹੈ । ਪ੍ਰੋ. ਚੰਦੂਮਾਜਰਾ ਦੇ ਇਸ ਕਦਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਵੱਖ-ਵੱਖ ਧੜਿਆਂ ਦੇ ਮੁੜ ਨੇੜੇ ਆਉਣ ਅਤੇ ਵੱਡੇ ਸਿਆਸੀ ਉਲਟਫੇਰ ਦੀਆਂ ਚਰਚਾਵਾਂ ਛਿੜ ਗਈਆਂ ਹਨ ।
ਕੀ ਆਖਿਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਨੁਮਾਇੰਦਾ ਜਮਾਤ ਹੈ । ਉਨ੍ਹਾਂ ਆਪਣੇ ਜਨਤਕ ਅਤੇ ਸਿਆਸੀ ਜੀਵਨ ਦੌਰਾਨ ਹਮੇਸ਼ਾ ਸੂਬੇ ਦੇ ਹੱਕਾਂ ਲਈ ਸੰਘਰਸ਼ਾਂ ਦੀ ਅਗਵਾਈ ਕੀਤੀ ਹੈ ਪ੍ਰੰਤੂ ਮੌਜੂਦਾ ਹਾਲਾਤਾਂ ਵਿੱਚ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਕੋਈ ਸਾਰਥਕ ਭੂਮਿਕਾ ਨਾ ਨਿਭਾ ਸਕਣ ਦੀ ਉਨ੍ਹਾਂ ਦੇ ਮਨ ਵਿੱਚ ਭਾਰੀ ਪੀੜ ਹੈ ।
ਅਕਾਲੀ ਦਲ ਦੇ ਵੰਡੇ ਹੋਣ ਦਾ ਫਾਇਦਾ ਚੁੱਕ ਰਹੀਆਂ ਹਨ ਪੰਥ ਵਿਰੋਧੀ ਤਾਕਤਾਂ
ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਸਰਕਾਰ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਫ਼ੈਸਲਿਆਂ ਦੇ ਬਾਵਜੂਦ ਸਰਗਰਮ ਸਿਆਸੀ ਲਹਿਰ ਦੀ ਘਾਟ ਕਾਰਨ ਵਿਰੋਧ ਸਿਰਫ਼ ਅਖ਼ਬਾਰੀ ਬਿਆਨਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵੱਖ-ਵੱਖ ਧੜਿਆਂ ਵਿੱਚ ਵੰਡੇ ਹੋਣ ਦਾ ਸਿੱਧਾ ਫ਼ਾਇਦਾ ਪੰਥ ਵਿਰੋਧੀ ਤਾਕਤਾਂ ਉਠਾ ਰਹੀਆਂ ਹਨ । ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੱਖੀ ਤਾਕਤਾਂ ਦੀ ਏਕਤਾ ਅਤੇ ਇੱਕ ਸਾਂਝੀ ਮਜ਼ਬੂਤ ਆਵਾਜ਼ ਹੀ ਸੂਬੇ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ।
ਕੀ ਕਾਰਨ ਦੱਸਿਆ ਚੰਦੂਮਾਜਰਾ ਨੇ ਜੱਥੇਬੰਦੀ ਤੋਂ ਵੱਖ ਹੋਣ ਦਾ
ਜਥੇਬੰਦੀ ਤੋਂ ਵੱਖ ਹੋਣ ਦੇ ਕਾਰਨਾਂ ਬਾਰੇ ਖ਼ੁਲਾਸਾ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਥਕ ਏਕਤਾ ਲਈ ਇੱਕ ਮੰਚ ’ਤੇ ਇਕੱਠੇ ਹੋਣ ਦੀ ਕੀਤੀ ਅਪੀਲ ’ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਨਤਕ ਤੌਰ ’ਤੇ ਦਿੱਤੇ ਪ੍ਰਤੀਕਰਮ ਤੋਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀ ਸੋਚ, ਵਿਚਾਰ ਅਤੇ ਕਾਰਜਸ਼ੈਲੀ ਆਪਸ ਵਿੱਚ ਮੇਲ ਨਹੀਂ ਖਾਂਦੀ । ਇਸ ਲਈ ਦੋਵਾਂ ਧਿਰਾਂ ਦੇ ਮਨਾਂ ਤੋਂ ਬੇਲੋੜਾ ਭਾਰ ਉਤਾਰਦਿਆਂ ਉਨ੍ਹਾਂ ਪੁਨਰ ਸੁਰਜੀਤ ਅਕਾਲੀ ਦਲ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ ।








