ਚੰਡੀਗੜ੍ਹ, 15 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਬੱਚਾ ਗੋਦ ਲੈਣ (Adopt a child) ਦੀ ਪ੍ਰਕਿਰਿਆ ਨੂੰ ਸਰਲ ਤੇ ਪਾਰਦਰਸ਼ੀ ਵੀ ਬਣਾ ਦਿੱਤਾ ਹੈ ।
ਕੀ ਆਖਿਆ ਕੈਬਨਿਟ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਨੇ
ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਸਰਕਾਰ ਦੀ ਕੋਸਿ਼ਸ਼ ਹਰ ਕਾਨੂੰਨੀ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਇਹ ਯਕੀਨੀ ਬਣਾਉਣ ਦੀ ਹੈ ਕਿ ਅਨਾਥ ਅਤੇ ਬੇਸਹਾਰਾ ਬੱਚਿਆਂ ਨੂੰ ਮਾਪਿਆਂ ਦਾ ਪਿਆਰ ਮਿਲੇ । ਇਸ ਤੋਂ ਇਲਾਵਾ ਵਿਦੇਸ਼ੀ ਜੋੜਿਆਂ ਜਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਦੁਆਰਾ 21 ਬੱਚਿਆਂ ਨੂੰ ਗੋਦ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸੰਘਰਸ਼ ਨਹੀਂ ਕਰਨਾ ਪਵੇਗਾ ਕਿਉਂਕਿ ਸਰਕਾਰ ਨੇ ਜਿਲ੍ਹਾ ਪੱਧਰ `ਤੇ ਗੋਦ ਲੈਣ ਵਾਲੀਆਂ ਏਜੰਸੀਆਂ ਤਾਇਨਾਤ ਕੀਤੀਆਂ ਹਨ ।
ਸਰਕਾਰ ਨੇ ਗੋਦ ਲੈਣ ਵਾਲੀਆਂ ਏਜੰਸੀਆਂ ਵਿਚ ਕੀਤਾ ਵਾਧਾ
ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਪਹਿਲਾਂ, ਰਾਜ ਵਿੱਚ ਸਿਰਫ 10 ਗੋਦ ਲੈਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਸਨ, ਜਿਸ ਕਾਰਨ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਸੀ ਅਤੇ ਜੋੜਿਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਸਨ । ਪੰਜਾਬ ਸਰਕਾਰ (Punjab Government) ਨੇ ਹੁਣ 16 ਨਵੀਆਂ ਗੋਦ ਲੈਣ ਵਾਲੀਆਂ ਏਜੰਸੀਆਂ ਸ਼ੁਰੂ ਕੀਤੀਆਂ ਹਨ । ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਬੱਚਾ ਮਾਪਿਆਂ ਦੇ ਪਿਆਰ ਤੋਂ ਵਾਂਝਾ ਨਾ ਰਹੇ ।
ਸਰਕਾਰ ਨੇ ਕੀਤੀ ਸੀ ਭੀਖ ਮੰਗਣ ਤੋਂ ਰੋਕਣ ਲਈ ਵਿਸ਼ੇਸ਼ ਮੁਹਿੰਮ
ਕੈਬਨਿਟ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਰਾਜ ਵਿੱਚ ਬੱਚਿਆਂ ਦੀ ਭੀਖ ਮੰਗਣ ਤੋਂ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ । ਇਸ ਮੁਹਿੰਮ ਦੌਰਾਨ ਕਈ ਬੱਚਿਆਂ ਨੂੰ ਬਚਾਇਆ ਗਿਆ ਸੀ । ਹਾਲਾਂਕਿ ਇਹ ਚਿੰਤਾ ਦਾ ਵਿਸ਼ਾ ਸੀ ਕਿ ਬਹੁਤ ਸਾਰੇ ਬੱਚਿਆਂ ਦੇ ਮਾਪੇ ਜਾਂ ਰਿਸ਼ਤੇਦਾਰ ਉਨ੍ਹਾਂ ਨੂੰ ਵਾਪਸ ਲੈਣ ਨਹੀਂ ਆਏ । ਜਿਵੇਂ-ਜਿਵੇਂ ਇਹ ਬੱਚੇ ਵੱਡੇ ਹੁੰਦੇ ਗਏ, ਉਨ੍ਹਾਂ ਦਾ ਭਵਿੱਖ ਹੋਰ ਵੀ ਸਵਾਲੀਆ ਹੁੰਦਾ ਜਾ ਰਿਹਾ ਸੀ । ਇਸ ਦੇ ਮੱਦੇਨਜ਼ਰ, ਸਰਕਾਰ ਨੇ ਇਨ੍ਹਾਂ ਬੱਚਿਆਂ ਨੂੰ “ਕਾਨੂੰਨੀ ਤੌਰ `ਤੇ ਗੋਦ ਲੈਣ ਲਈ ਮੁਫ਼ਤ” ਸ਼੍ਰੇਣੀ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ ।








