ਪਟਿਆਲਾ, 8 ਅਕਤੂਬਰ 2026 : ਸਿਹਤ ਮੰਤਰੀ ਪੰਜਾਬ (Health Minister of Punjab) ਡਾਕਟਰ ਬਲਬੀਰ ਸਿੰਘ ਵਲੋਂ ਕੋਰੋਨਾ ਵਾਰੀਅਰਜ਼ ਨੂੰ ਨਰਸਿੰਗ ਸਟਾਫ ਵਜੋਂ ਭਰਤੀ ਕਰਨ ਲਈ ਨਿਯੁਕਤੀ ਪੱਤਰ (appointment letters) ਸੌਂਪੇ ਗਏ ਹਨ।
ਕਿੰਨੇ ਕੋਰੋਨਾ ਵਾਰੀਅਰਜ਼ ਨੂੰ ਦਿੱਤੇ ਗਏ ਹਨ ਨਿਯੁਕਤੀ ਪੱਤਰ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਜੋ ਅੱਜ ਕੋਰੋਨਾ ਵਾਰੀਅਰਜ਼ ਨੂੰ ਨਰਸਿੰਗ ਸਟਾਫ ਦੇ ਤੌਰ ‘ਤੇ ਭਰਤੀ ਕਰਨ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ ਉਹ 80 ਕੋਰੋਨਾ ਵਾਰੀਅਰਜ਼ ਨੂੰ ਸੌਂਪੇ ਗਏ ਹਨ ।
ਕੀ ਆਖਿਆ ਸਿਹਤ ਮੰਤਰੀ ਪੰਜਾਬ ਨੇ
ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ (Dr. Balbir Singh) ਨੇ ਇਸ ਮੌਕੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਬਣਾਇਆ ਜਾ ਰਿਹਾ ਕ੍ਰਿਟੀਕਲ ਕੇਅਰ ਬਲਾਕ ਨਵੰਬਰ ਮਹੀਨੇ ਵਿੱਚ ਮਰੀਜ਼ਾਂ ਲਈ ਚਾਲੂ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸੂਬੇ ਦੇ ਬਾਕੀ 22 ਜ਼ਿਲ੍ਹਿਆਂ ਵਿੱਚ ਵੀ ਕ੍ਰਿਟੀਕਲ ਕੇਅਰ ਬਲਾਕ ਸਥਾਪਤ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ।
ਹੋਰ ਕੀ ਕੀ ਦੱਸਿਆ ਡਾਕਟਰ ਬਲਬੀਰ ਸਿੰਘ ਨੇ
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 60 ਨਰਸਿੰਗ ਕਰਮਚਾਰੀ ਰਜਿੰਦਰਾ ਹਸਪਤਾਲ ਦੇ ਕ੍ਰਿਟੀਕਲ ਕੇਅਰ ਬਲਾਕ ਵਿੱਚ ਅਤੇ 20 ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ਮੋਹਾਲੀ) ਵਿਖੇ ਸੇਵਾਵਾਂ ਨਿਭਾਉਣਗੇ । ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਅਤੇ ਸੂਬੇ ਵਿੱਚ ਸਥਾਪਤ ਕੀਤੇ ਜਾਣ ਵਾਲੇ ਕ੍ਰਿਟੀਕਲ ਕੇਅਰ ਬਲਾਕਾਂ ਵਿੱਚ ਕੋਰੋਨਾ ਵਾਰੀਅਰਜ਼ ਤੇ ਕੋਵਿਡ ਵਲੰਟੀਅਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ।
ਮਾਨ ਸਰਕਾਰ ਨੇ 70 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਹਨ ਸਰਕਾਰੀ ਨੌਕਰੀਆਂ
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Government of Punjab) ਵੱਲੋਂ ਹੁਣ ਤੱਕ ਸੂਬੇ ਵਿੱਚ ਲਗਭਗ 70 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਕਰੀਬ 10 ਹਜ਼ਾਰ ਭਰਤੀਆਂ ਸਿਹਤ ਵਿਭਾਗ ਵਿੱਚ ਕੀਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕਰਨ ਵਾਲੇ ਕੋਰੋਨਾ ਵਾਰੀਅਰਜ਼ ਨੂੰ ਨਰਸਿੰਗ ਸਟਾਫ਼ ਵਜੋਂ ਭਰਤੀ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਇੱਛਾ ਸੀ । ਇਨ੍ਹਾਂ ਨੇ ਮਹਾਂਮਾਰੀ ਦੇ ਔਖੇ ਦੌਰ ਦੌਰਾਨ ਮਰੀਜ਼ਾਂ ਦੀ ਦੇਖਭਾਲ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ ।








