ਚੰਡੀਗੜ੍ਹ, 30 ਜੁਲਾਈ 2026 : ਪੰਜਾਬ ਦੇ ਕਰ ਵਿਭਾਗ (Tax Department) ਵਲੋਂ ਵੈਟ ਬਕਾਏ ਵਸੂਲਣ ਦੀ ਮੁਹਿੰਮ ਤਹਿਤ ਜਾਇਦਾਦ ਨਿਲਾਮੀ ਦੀ ਪ੍ਰਕਿਰਿਆਵਾਂ ਰਾਹੀਂ ਕਰੋੜਾਂ ਰੁਪਏ ਵਸੂਲੇ ਗਏ ਹਨ ।
ਕਿੰਨੇ ਕਰੋੜ ਗਏ ਹਨ ਵਸੂਲੇ
ਕਰ ਤੇ ਆਬਕਾਰੀ ਮੰਤਰੀ (Minister of Taxation and Excise) ਪੰਜਾਬ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਕਰ ਵਿਭਾਗ ਨੇ ਪਟਿਆਲਾ ਜ਼ਿਲ੍ਹੇ ਵਿੱਚ ਜਾਇਦਾਦ ਨਿਲਾਮੀ ਦੀਆਂ ਪ੍ਰਕਿਰਿਆਵਾਂ ਰਾਹੀਂ ਵੈਲਿਊ ਐਡਿਡ ਟੈਕਸ ਦੇ ਬਕਾਏ ਵਸੂਲਣ ਦੀ ਚੱਲ ਰਹੀ ਮੁਹਿੰਮ ਤਹਿਤ ਜਾਇਦਾਦ ਨਿਲਾਮੀ ਰਾਹੀਂ 1.21 ਕਰੋੜ ਰੁਪਏ ਵਸੂਲੇ ਅਤੇ ਨਾਲ ਹੀ ਇਕੋਮੁਸ਼ਤ ਨਿਪਟਾਰਾ (ਓ. ਟੀ. ਐੱਸ.) ਸਕੀਮ ਤਹਿਤ 18.46 ਲੱਖ ਰੁਪਏ ਤੁਰੰਤ ਜਮ੍ਹਾਂ ਕਰਵਾਏ ਗਏ ਹਨ ।
ਕੀ ਅਪੀਲ ਕੀਤੀ ਕਰ ਤੇ ਆਬਕਾਰੀ ਮੰਤਰੀ ਚੀਮਾ ਨੇ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਪੰਜਾਬ ਦੇ ਯੋਗ ਬਕਾਇਆਦਾਰ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਦੀ ਅੰਤਿਮ ਤਰੀਕ ਤੋਂ ਪਹਿਲਾਂ-ਪਹਿਲਾਂ ਓ. ਟੀ. ਐੱਸ. ਸਕੀਮ ਤਹਿਤ ਆਪਣੇ ਲੰਮੇ ਸਮੇਂ ਤੋਂ ਪੈਂਡਿੰਗ ਬਕਾਏ ਨਿਪਟਾਉਣ ਨਹੀਂ ਤਾਂ ਜਾਇਦਾਦ ਕੁਰਕੀ ਅਤੇ ਜਨਤਕ ਨਿਲਾਮੀ ਵਰਗੀ ਸਖ਼ਤ ਵਸੂਲੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ।
ਬਕਾਇਆ ਦੇ ਕੇ ਬਚਾਈ ਜਾ ਸਕਦੀ ਹੈ ਜਾਇਦਾਦਾਂ ਦੀ ਕੁਰਕੀ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਟਿਆਲਾ ਜਿ਼ਲ੍ਹੇ ਵਿੱਚ ਮੈਸਰਜ਼ ਗੁਰੂਜੀ ਫੀਡਸ, ਰਾਜਪੁਰਾ, ਜਿਸ ਸਿਰ ਕੁੱਲ 57.78 ਲੱਖ ਰੁਪਏ ਦਾ ਟੈਕਸ ਬਕਾਇਆ ਸੀ, ਦੀ ਜਾਇਦਾਦ ਦੀ ਨਿਲਾਮੀ 27 ਜੁਲਾਈ 2026 ਲਈ ਨਿਰਧਾਰਿਤ ਕੀਤੀ ਗਈ ਸੀ । ਨਿਲਾਮੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਡੀਲਰ ਨੇ ਓ. ਟੀ. ਐੱਸ. ਸਕੀਮ ਦੇ ਲਾਭਕਾਰੀ ਨਿਯਮਾਂ ਦਾ ਲਾਭ ਲੈਣ ਲਈ ਅੱਗੇ ਆ ਕੇ ਕੇਸ ਦੇ ਨਿਪਟਾਰੇ ਲਈ 18.46 ਲੱਖ ਰੁਪਏ ਜਮ੍ਹਾਂ ਕਰਵਾਏ । ਵਿੱਤ ਮੰਤਰੀ (Finance Minister) ਨੇ ਕਿਹਾ ਕਿ ਇਹ ਮਾਮਲਾ ਸਕੀਮ ਤਹਿਤ ਯੋਗ ਬਕਾਇਆਦਾਰਾਂ ਨੂੰ ਮਿਲਣ ਵਾਲੀ ਵੱਡੀ ਰਾਹਤ ਨੂੰ ਦਰਸਾਉਂਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਸਮੇਂ ਸਿਰ ਨਿਪਟਾਰਾ ਕਰਨ ਨਾਲ ਸਬੰਧਤ ਕਾਰੋਬਾਰੀ ਆਪਣੀਆਂ ਸੰਪਤੀਆਂ ਦੀ ਕੁਰਕੀ ਅਤੇ ਜ਼ਬਰਦਸਤੀ ਵਿਕਰੀ ਤੋਂ ਬਚ ਸਕਦੇ ਹਨ ।
ਸਮਾਣਾ ਦੀ ਇਕ ਫਰਮ ਦੀ ਜਾਇਦਾਦ ਕੀਤੀ ਗਈ ਕੁਰਕ
ਇੱਕ ਹੋਰ ਵੱਡੀ ਕਾਰਵਾਈ ਦਾ ਖੁਲਾਸਾ ਕਰਦਿਆਂ ਆਬਕਾਰੀ ਤੇ ਕਰ ਮੰਤਰੀ ਚੀਮਾ ਨੇ ਦੱਸਿਆ ਕਿ ਵਿਭਾਗ ਨੇ ਮੈਸਰਜ਼ ਸਮਾਨਾ ਰੋਲਰ ਫਲੌਰ ਮਿੱਲ ਲਿਮਟਿਡ ਦੀ ਜਾਇਦਾਦ ਨੂੰ 1.21 ਕਰੋੜ ਰੁਪਏ ਵਿੱਚ ਸਫ਼ਲਤਾਪੂਰਵਕ ਨਿਲਾਮ ਕੀਤਾ ਹੈ, ਜੋ ਕਿ ਇਸਦੀ ਰਾਖਵੀਂ ਕੀਮਤ 74.31 ਲੱਖ ਰੁਪਏ ਤੋਂ ਲਗਭਗ 46.69 ਲੱਖ ਰੁਪਏ ਵੱਧ ਹੈ । ਉਨ੍ਹਾਂ ਅੱਗੇ ਦੱਸਿਆ ਕਿ ਨਿਲਾਮੀ ਦੀ ਨਿਰਧਾਰਿਤ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ, ਨਿਲਾਮੀ ਵਾਲੇ ਦਿਨ ਹੀ ਸਭ ਤੋਂ ਵੱਧ ਬੋਲੀਦਾਤਾ ਤੋਂ ਸਫ਼ਲ ਬੋਲੀ ਦਾ 25 ਪ੍ਰਤੀਸ਼ਤ ਯਾਨੀ 30.25 ਲੱਖ ਰੁਪਏ ਦੀ ਰਕਮ ਤੁਰੰਤ ਵਸੂਲ ਕੀਤੀ ਗਈ ।
ਵਿੱਤ ਮੰਤਰੀ ਨੇ ਕੀਤੀ ਕਰ ਵਿਭਾਗ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ
ਕਰ ਵਿਭਾਗ ਦੇ ਅਧਿਕਾਰੀਆਂ ਦੇ ਸ਼ਲਾਘਾਯੋਗ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੋਵੇਂ ਵੱਖ-ਵੱਖ ਨਤੀਜੇ ਪੰਜਾਬ ਦੇ ਸਾਰੇ ਵੈਟ ਬਕਾਇਆਦਾਰਾਂ ਨੂੰ ਇੱਕ ਸਪੱਸ਼ਟ ਸੁਨੇਹਾ ਦਿੰਦੇ ਹਨ । ਉਨ੍ਹਾਂ ਕਿਹਾ ਕਿ ਜਿੱਥੇ ਓ. ਟੀ. ਐੱਸ. ਸਕੀਮ ਬਹੁਤ ਲਾਭਕਾਰੀ ਸ਼ਰਤਾਂ `ਤੇ ਸੁਖਾਵੇਂ ਨਿਪਟਾਰੇ ਦਾ ਇੱਕ ਵਧੀਆ ਅਤੇ ਸੁਹਿਰਦ ਮੌਕਾ ਪ੍ਰਦਾਨ ਕਰਦੀ ਹੈ, ਉੱਥੇ ਹੀ ਇਸ ਮੌਕੇ ਦਾ ਲਾਭ ਨਾ ਉਠਾਉਣ `ਤੇ ਲਾਜ਼ਮੀ ਤੌਰ `ਤੇ ਸਖ਼ਤ ਵਸੂਲੀ ਉਪਾਅ ਕੀਤੇ ਜਾਣਗੇ ।
ਮਿਆਦ ਲੰਘਣ ਤੋਂ ਬਾਅਦ ਨਹੀਂ ਦਿੱਤੀ ਜਾਵੇਗੀ ਕੋਈ ਢਿੱਲ
ਕਰ ਤੇ ਆਬਕਾਰੀ ਮੰਤਰੀ ਹਰਪਾਲ ਚੀਮਾ ਨੇ ਸਪੱਸ਼ਟ ਕੀਤਾ ਕਿ ਮਿਆਦ ਲੰਘਣ ਤੋਂ ਬਾਅਦ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜਿਹੜੇ ਬਕਾਇਆਦਾਰ ਨਿਰਧਾਰਤ ਮਿਤੀ ਤੱਕ ਸਕੀਮ ਤਹਿਤ ਆਪਣੇ ਬਕਾਏ ਅਦਾ ਕਰਨ ਵਿੱਚ ਅਸਫ਼ਲ ਰਹਿਣਗੇ, ਉਹਨਾਂ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਉਹਨਾਂ ਦੀ ਚੱਲ ਅਤੇ ਅਚੱਲ ਜਾਇਦਾਦਾਂ ਦੀ ਤੁਰੰਤ ਕੁਰਕੀ ਅਤੇ ਨਿਲਾਮੀ ਸ਼ਾਮਲ ਹੈ । ਵਿੱਤ ਮੰਤਰੀ ਚੀਮਾ ਨੇ ਦੁਹਰਾਇਆ ਕਿ ਕਰ ਵਿਭਾਗ ਸਰਕਾਰੀ ਮਾਲੀਏ ਦੀ ਰਾਖੀ ਲਈ ਪੂਰੀ ਪਾਰਦਰਸ਼ਤਾ, ਦ੍ਰਿੜ੍ਹਤਾ ਅਤੇ ਨਿਰਪੱਖਤਾ ਨਾਲ ਆਪਣੀ ਰਾਜ ਪੱਧਰੀ ਵਸੂਲੀ ਮੁਹਿੰਮ ਜਾਰੀ ਰੱਖੇਗਾ ।









