ਪਟਿਆਲਾ 8 ਨਵੰਬਰ 2025 : ਪੰਜਾਬ ਸਰਕਾਰ ਵੱਲੋਂ ਭਰੀਆਂ ਜਾਣ ਵਾਲੀਆਂ ਗਰੁੱਪ ਸੀ ਅਤੇ ਇਸ ਤੋਂ ਉੱਪਰ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾਵਾਂ ਵਿੱਚੋਂ ਇਕ ਯੋਗਤਾ ਉਮੀਦਵਾਰਾਂ ਲਈ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ । ਜਿਨ੍ਹਾਂ ਉਮੀਦਵਾਰਾਂ ਪਾਸ ਮੈਟ੍ਰਿਕ ਪੱਧਰ ਦੀ ਪੰਜਾਬੀ ਭਾਸ਼ਾ (Punjabi language) ਦੀ ਯੋਗਤਾ ਨਹੀਂ ਹੈ, ਭਾਸ਼ਾ ਵਿਭਾਗ ਪੰਜਾਬ (Language Department Punjab) ਵੱਲੋਂ ਅਜਿਹੇ ਉਮੀਦਵਾਰਾਂ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ 14 ਦਸੰਬਰ, 2025 (ਦਿਨ ਐਤਵਾਰ) ਨੂੰ ਲਈ ਜਾਵੇਗੀ ।
ਪ੍ਰੀਖਿਆ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹੋਵੇਗੀ 5 ਦਸੰਬਰ 2025
ਦਫ਼ਤਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਜਾਰੀ ਸੂਚਨਾ ਮੁਤਾਬਕ ਉਕਤ ਪ੍ਰੀਖਿਆ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 05 ਦਸੰਬਰ, 2025 ਹੋਵੇਗੀ । ਪਹਿਲਾਂ ਦੀ ਤਰ੍ਹਾਂ ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਹੋਵੇਗੀ । ਇਸ ਪ੍ਰੀਖਿਆ ਲਈ ਫੀਸ 2000 ਰੁਪਏ ਹੋਵੇਗੀ ਜੋ ਕਿ ਨਕਦ ਵਸੂਲ ਕੀਤੀ ਜਾਵੇਗੀ ।
ਫਾਰਮ ਜਮ੍ਹਾਂ ਕਰਵਾਉਣ ਵਾਲੇ ਉਮੀਦਵਾਰ ਆਪਣੇ ਨਾਲ ਅਧਾਰ ਕਾਰਡ, ਦਸਵੀਂ, ਬਾਰ੍ਹਵੀਂ ਅਤੇ ਗ੍ਰੈਜੁਏਸ਼ਨ ਦੇ ਅਸਲ ਸਰਟੀਫਿਕੇਟ, ਅਤੇ ਇਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਇਕ 30×25 ਸੈ. ਮੀ. ਸਾਈਜ਼ ਦਾ ਸਵੈ-ਪਤੇ ਵਾਲਾ ਲਿਫਾਫਾ ਜਿਸ ਉਤੇ 56/- ਰੁਪਏ ਦੀਆਂ ਡਾਕ ਟਿਕਟਾਂ ਲੱਗੀਆਂ ਹੋਣ ਅਤੇ ਪੰਜ ਫੋਟੋਆਂ ਇੱਕੋ ਸਨੈਪ ਦੀਆਂ ਪਾਸਪੋਰਟ ਸਾਈਜ਼ (ਜਿਨ੍ਹਾਂ ਵਿੱਚੋਂ ਦੋ ਫੋਟੋਆਂ ਗਜ਼ਟਿਡ ਅਫਸਰ ਵੱਲੋਂ ਤਸਦੀਕੀਆਂ ਹੋਣ) ਜਿਨ੍ਹਾਂ ਦੀ ਬੈਕ ਗਰਾਊਂਡ ਅਤੇ ਕੱਪੜੇ ਫਿੱਕੇ (ਲਾਈਟ) ਰੰਗ ਦੇ ਹੋਣ, ਨਾਲ ਲਿਆਉਣ। ਪੰਜਾਬੀ ਪ੍ਰਬੋਧ ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਦੇ ਫੋਨ ਨੰ. 0175-2214469 ਤੇ ਸੰਪਰਕ ਕੀਤਾ ਜਾ ਸਕਦਾ ਹੈ ।


