ਸੰਗਰੂਰ, 20 ਨਵੰਬਰ 2026 : ਪੰਜਾਬ ਦੇ ਜਿਲਾ ਸੰਗਰੂਰ ਦੀ ਪੁਲਸ (Sangrur Police) ਵਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਤਿੰਨ ਮੁਲਜਮਾਂ ਨੂੰ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਦੱਸਿਆ ਐਸ. ਐਸ. ਪੀ. ਸੰਗਰੂਰ ਨੇ
ਐੱਸ. ਐੱਸ. ਪੀ. ਸੰਗਰੂਰ (SSP Sangrur) ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਜਿ਼ਲ੍ਹਾ ਪੁਲਸ ਨੇ ਲੁੱਟ-ਖੋਹ ਦੇ ਇੱਕ ਮਾਮਲੇ ਦੀ ਜਾਂਚ ਕਰਦਿਆਂ 24 ਘੰਟਿਆਂ ਅੰਦਰ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਅਤੇ ਜਾਂਚ ਦੌਰਾਨ ਸੰਗਰੂਰ ਇਲਾਕੇ ਵਿੱਚ ਵਾਪਰੀਆਂ ਦੋ ਹੋਰ ਵਾਰਦਾਤਾਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ । ਇਨ੍ਹਾਂ ਮਾਮਲਿਆਂ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 10 ਮੋਬਾਈਲ ਫੋਨ, ਇੱਕ ਮੋਟਰਸਾਈਕਲ, 61,200 ਰੁਪਏ ਦੀ ਨਕਦੀ ਅਤੇ ਇੱਕ ਤਲਵਾਰ ਬਰਾਮਦ ਕੀਤੀ ਗਈ ਹੈ ।
ਕਿਸ-ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ
ਐੱਸ. ਐੱਸ. ਪੀ. ਨੇ ਦੱਸਿਆ ਕਿ 18 ਨਵੰਬਰ ਨੂੰ ਰਵੀ ਕੁਮਾਰ ਵਾਸੀ ਦਾਲੋਮਾਲ ਪੱਤੀ, ਬਡਰੁੱਖਾਂ, ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਪਿੰਡ ਬਡਰੁੱਖਾਂ ਤੋਂ ਧੂਰੀ ਵੱਲ ਸੂਏ ਦੀ ਪਟੜੀ ਰਾਹੀਂ ਜਾ ਰਿਹਾ ਸੀ। ਉਸ ਦੀ ਸ਼ਿਕਾਇਤ ਅਨੁਸਾਰ, ਧੂਰੀ ਵਾਲੇ ਪਾਸਿਓਂ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਡਰਾ-ਧਮਕਾ ਕੇ ਕਰੀਬ 2,500 ਰੁਪਏ ਖੋਹ ਲਏ । ਇਸ ਸਬੰਧੀ ਥਾਣਾ ਸਦਰ ਸੰਗਰੂਰ ਵਿਖੇ ਵੱਖ-ਵੱਖ ਧਾਰਾਵਾਂ 115(2), 126(2), 118(1), 304(2) ਅਤੇ 3(5) ਤਹਿਤ ਦਰਜ ਕੀਤਾ ਗਿਆ ।
ਕੀ ਜਾਣਕਾਰੀ ਦਿੱਤੀ ਐਸ. ਪੀ. (ਸਪੈਸ਼ਲ ਬ੍ਰਾਂਚ) ਨੇ
ਕਪਤਾਨ ਪੁਲਸ (ਸਪੈਸ਼ਲ ਬ੍ਰਾਂਚ) ਦਵਿੰਦਰ ਅੱਤਰੀ ਨੇ ਦੱਸਿਆ ਕਿ ਤਕਨੀਕੀ ਜਾਂਚ ਅਤੇ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਸ ਨੇ 19 ਨਵੰਬਰ ਨੂੰ ਚਰਨਦੀਪ ਸਿੰਘ ਉਰਫ਼ ਮਹਿਕ ਵਾਸੀ ਦੁੱਗਾਂ ਅਤੇ ਅਕਾਸ਼ਦੀਪ ਸਿੰਘ ਵਾਸੀ ਕੱਕੜਵਾਲ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ । ਪੁਲਸ ਅਨੁਸਾਰ ਉਨ੍ਹਾਂ ਕੋਲੋਂ ਅੱਠ ਮੋਬਾਈਲ ਫੋਨ, ਇੱਕ ਮੋਟਰਸਾਈਕਲ, 1200 ਰੁਪਏ ਅਤੇ ਵਾਰਦਾਤ ਵਿੱਚ ਵਰਤੀ ਤਲਵਾਰ ਬਰਾਮਦ ਹੋਈ ।
ਪੁਲਸ ਵਲੋਂ ਕੀਤੀ ਗਈ ਜਾਂਚ ਦੌਰਾਨ ਕੀ ਸਾਹਮਣੇ ਆਇਆ
ਜਾਂਚ ਦੌਰਾਨ 17 ਨਵੰਬਰ ਨੂੰ ਰਿਸ਼ੀ ਪਬਲਿਕ ਸਕੂਲ, ਸੰਗਰੂਰ, ਨੇੜੇ ਤੇਜਿੰਦਰ ਸਿੰਘ ਵਾਸੀ ਸ਼ੇਰੋਂ ਤੋਂ ਆਈਫੋਨ 17 ਅਤੇ ਕਰੀਬ 4,000 ਰੁਪਏ ਖੋਹਣ ਦੀ ਵਾਰਦਾਤ ਬਾਰੇ ਵੀ ਜਾਣਕਾਰੀ ਮਿਲੀ। ਇਸ ਸਬੰਧੀ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮਾ ਨੰਬਰ 216, ਮਿਤੀ 19 ਨਵੰਬਰ 2026, ਧਾਰਾਵਾਂ 309 (4) ਅਤੇ 3 (5) ਤਹਿਤ ਦਰਜ ਹੈ । ਪੁਲਸ ਅਨੁਸਾਰ ਇਸ ਵਾਰਦਾਤ ਵਿੱਚ ਚਰਨਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਦੇ ਨਾਲ ਸੁਭਾਸ਼ ਨਾਮ ਦਾ ਵਿਅਕਤੀ ਵੀ ਸ਼ਾਮਲ ਸੀ । ਚਰਨਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਕੋਲੋਂ ਆਈਫੋਨ 17 ਬਰਾਮਦ ਕਰ ਲਿਆ ਗਿਆ ਹੈ ।
ਕੀ-ਕੀ ਬਰਾਮਦ ਕੀਤਾ ਗਿਆ ਹੈ ਪੁਲਸ ਵਲੋਂ
ਉਨ੍ਹਾਂ ਅੱਗੇ ਦੱਸਿਆ ਕਿ 23 ਅਕਤੂਬਰ ਨੂੰ ਲੀਲਾ ਖਾਂ ਵਾਸੀ ਢੰਡੋਲੀ ਖੁਰਦ ਤੋਂ 60,000 ਰੁਪਏ ਅਤੇ ਇੱਕ ਮੋਬਾਈਲ ਫੋਨ ਖੋਹਣ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਚਰਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਮੰਗਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਵਾਰਦਾਤ ਸਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਨੰਬਰ 213, ਮਿਤੀ 23 ਅਕਤੂਬਰ 2026, ਧਾਰਾਵਾਂ 304 ਅਤੇ 3(5) ਤਹਿਤ ਦਰਜ ਹੈ । ਪੁਲਸ ਨੇ ਇਸ ਮਾਮਲੇ ਵਿੱਚ 60,000 ਰੁਪਏ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ । ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ।












