ਸਰਜਰੀ ਤੋਂ 5 ਸਾਲ ਬਾਅਦ ਔਰਤ ਦੇ ਪੇਟ `ਚੋਂ ਮਿਲਿਆ ਸਰਜੀਕਲ ਔਜ਼ਾਰ

ਕੋਚੀ, 21 ਫਰਵਰੀ 2026 : ਕੇਰਲ (Kerala) ਦੇ ਪੁੰਨਪਰਾ ਦੀ ਇਕ ਔਰਤ ਉਸ਼ਾ ਜੋਸਫ਼ ਦੇ ਪੇਟ `ਚੋਂ ਸਰਜਰੀ ਤੋਂ 5 ਸਾਲ ਬਾਅਦ ਇਕ ਸਰਜੀਕਲ ਔਜ਼ਾਰ (Surgical instruments) `ਆਰਟਰੀ ਫੋਰਸੈਪ` ਮਿਲਿਆ ।

ਕਦੋਂ ਕਰਵਾਈ ਸੀ ਸਰਜਰੀ

ਊਸ਼ਾ ਨੇ ਮਈ 2021 `ਚ ਵੰਦਨਮ ਦੇ ਅਲਾਪੁਝਾ ਮੈਡੀਕਲ ਕਾਲਜ `ਚ ਬੱਚੇਦਾਨੀ `ਚੋਂ ਫਾਈਬਰਾਇਡ ਨੂੰ ਹਟਾਉਣ ਲਈ ਸਰਜਰੀ (Surgery) ਕਰਵਾਈ ਸੀ । ਊਸ਼ਾ ਦੇ ਪੁੱਤਰ ਬਿਬਿਨ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸਰਜਰੀ ਤੋਂ ਬਾਅਦ ਪੇਟ `ਚ ਲਗਾਤਾਰ ਦਰਦ ਹੁੰਦਾ ਰਿਹਾ । ਮਾਂ ਨੇ ਉਸੇ ਹਸਪਤਾਲ `ਚ ਵਾਰ-ਵਾਰ: ਡਾਕਟਰਾਂ ਨਾਲ ਸਲਾਹ ਕੀਤੀ ਪਰ ਦਰਦ ਦਾ ਕਾਰਨ ਪਤਾ ਨਹੀਂ ਲੱਗ ਸਕਿਆ ।

ਕੀ ਆਖਿਆ ਮਹਿਲਾ ਦੇ ਪੁੱਤਰ ਨੇ

ਬਿਬਿਨ ਨੇ ਕਿਹਾ ਕਿ ਉਸ ਦੀ ਮਾਂ ਨੇ ਇਕ ਹੋਰ ਡਾਕਟਰ ਨਾਲ ਸਲਾਹ ਕੀਤੀ । ਡਾਕਟਰ ਨੇ ਐਕਸ-ਰੇ (X-ray) ਦੀ ਸਿਫਾਰਸ਼ ਕੀਤੀ । ਐਕਸ-ਰੇ ਦੀ ਰਿਪੋਰਟ `ਚ ਪੇਟ ਅੰਦਰ ਇਕ ਆਰਟਰੀ ਫੋਰਸੈਪ (Artery forceps) ਦਾ ਖੁਲਾਸਾ ਹੋਇਆ । ਇਸ ਦਾ ਜਵਾਬ ਦਿੰਦੇ ਹੋਏ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਸਰਜਰੀ `ਚ ਸ਼ਾਮਲ ਅਧਿਕਾਰੀ ਜੋ ਇਸ ਸਮੇਂ ਸਰਕਾਰੀ ਸੇਵਾ `ਚ ਹਨ, ਨੂੰ ਜਾਂਚ ਤੱਕ ਮੁਅੱਤਲ ਕਰ ਦਿੱਤਾ ਜਾਵੇਗਾ ।